06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2026

ਬੱਲ੍ਹੋ ਦੀ ਲਾਇਬ੍ਰੇਰੀ, ਜਿੱਥੇ ਫ਼ੰਡਾਂ ਦੀ ਕਮੀ ’ਤੇ ਭਾਰੀ ਪਈ ਤਰਨਜੋਤ ਵੈੱਲਫ਼ੇਅਰ ਸੁਸਾਇਟੀ ਦੀ ਸੋਚ

Ad Position 21
No active advertisement
ਅਜੀਤ ਡੈਸਕ 17-07-2026

ਚਾਉਕੇ , 16 ਜੁਲਾਈ (ਮਨਜੀਤ ਸਿੰਘ ਘੜੈਲੀ)- ਪਿੰਡਾਂ ਵਿਚ ਖੋਲ੍ਹੀਆਂ ਗਈਆਂ ਲਾਇਬ੍ਰੇਰੀਆਂ ਫ਼ੰਡਾਂ ਦੀ ਘਾਟ ਕਾਰਨ ਮੁਸ਼ਕਿਲ ਦੇ ਦੌਰ ’ਚੋਂ ਲੰਘ ਰਹੀਆ ਹਨ, ਕਿਉਂਕਿ ਗ੍ਰਾਮ ਪੰਚਾਇਤਾਂ ਕੋਲ ਇਨ੍ਹਾਂ ਨੂੰ ਚਲਾਉਣ ਅਤੇ ਮੁਲਾਜ਼ਮ ਰੱਖਣ ਲਈ ਬਜਟ ਨਹੀਂ ਹੈ। ਪਰ ਦੂਜੇ ਪਾਸੇ, ਬਲਾਕ ਰਾਮਪੁਰਾ ਦੇ ਪਿੰਡ ਬੱਲ੍ਹੋ ਦੀ ਯੂਥ ਲਾਇਬ੍ਰੇਰੀ ਇਲਾਕੇ ਦੇ ਨੌਜਵਾਨਾਂ ਲਈ ਚਾਨਣ ਮੁਨਾਰਾ ਬਣੀ ਹੋਈ ਹੈ। ਉੱਘੇ ਕਾਰੋਬਾਰੀ ਅਤੇ ਸਮਾਜ ਸੇਵੀ ਗੁਰਮੀਤ ਸਿੰਘ ਮਾਨ ਦੀ ਸਰਪ੍ਰਸਤੀ ਹੇਠ ਚੱਲ ਰਹੀ ‘ਤਰਨਜੋਤ ਵੈੱਲਫ਼ੇਅਰ ਸੁਸਾਇਟੀ’ ਨੇ ਆਪਣੇ ਦਮ ’ਤੇ ਇੱਥੇ ਮੁਲਾਜ਼ਮ ਰੱਖ ਕੇ ਲਾਇਬ੍ਰੇਰੀ ਦੀਆਂ ਸੇਵਾਵਾਂ ਨੂੰ ਨਿਰਵਿਘਨ ਚਾਲੂ ਰੱਖਿਆ ਹੋਇਆ ਹੈ। ਸੁਸਾਇਟੀ ਦੇ ਪ੍ਰਧਾਨ ਅਵਤਾਰ ਸਿੰਘ ਟੌਫੀ ਨੇ ਦੱਸਿਆ ਕਿ ਹਸਪਤਾਲ ਦੀ ਇਮਾਰਤ ਅਤੇ ਯੂਥ ਲਾਇਬ੍ਰੇਰੀ ਦੀ ਇਮਾਰਤ ਦਾ ਨਿਰਮਾਣ ਕਰੀਬ 70 ਲੱਖ ਰੁਪਏ ਖ਼ਰਚ ਕੇ ਕਾਂਗਰਸ ਸਰਕਾਰ ਦੇ ਸਮੇਂ ਤਰਨਜੋਤ ਵੈੱਲਫ਼ੇਅਰ ਸੁਸਾਇਟੀ ਵਲੋਂ ਕਰਵਾਇਆ ਗਿਆ ਸੀ। ਉਸ ਸਮੇਂ ਜ਼ਿਲ੍ਹਾ ਪ੍ਰਸ਼ਾਸਨ ਨੇ ਕੁਝ ਕਿਤਾਬਾਂ ਅਤੇ ਫ਼ਰਨੀਚਰ ਦਾ ਪ੍ਰਬੰਧ ਕਰਕੇ ਦਿੱਤੇ ਸਨ। ਪਰ ਇਸ ਤੋਂ ਬਾਅਦ ਸਰਕਾਰੀ ਮੱਦਦ ਨਾਮਾਤਰ ਹੀ ਰਹੀ ਹੈ। ਪ੍ਰਬੰਧਕਾਂ ਨੇ ਦੱਸਿਆ ਕਿ ਮੌਜੂਦਾ ਸਮੇਂ ’ਚ ਸਰਕਾਰ ਵਲੋਂ ਸਿਰਫ਼ ਸੋਲਰ ਪੈਨਲ ਲਗਾਉਣ ਲਈ 1 ਲੱਖ 50 ਹਜ਼ਾਰ ਰੁਪਏ ਗਰਾਂਟ ਪੰਚਾਇਤ ਨੂੰ ਮਿਲੀ ਹੈ, ਜਦਕਿ ਲਾਇਬ੍ਰੇਰੀ ਨੂੰ ਰੋਜ਼ਾਨਾ ਚਲਾਉਣ ਦਾ ਸਾਰਾ ਖ਼ਰਚਾ ਸੁਸਾਇਟੀ ਖ਼ੁਦ ਚੁੱਕ ਰਹੀ ਹੈ। ਕਿਉਂਕਿ ਪੰਚਾਇਤ ਕੋਲ ਆਪਣੇ ਸਰੋਤ ਦੇ ਕੋਈ ਫ਼ੰਡ ਨਹੀਂ ਹਨ । ਸੁਸਾਇਟੀ ਨੇ ਬੱਚਿਆਂ ਦੀ ਸਹੂਲਤ ਲਈ ਲਾਇਬ੍ਰੇਰੀਅਨ, ਕੰਪਿਊਟਰ ਅਧਿਆਪਕ ਅਤੇ ਸਫ਼ਾਈ ਸੇਵਕ ਰੱਖੇ ਹੋਏ ਹਨ। ਸਲਾਹਕਾਰ ਕਰਮਜੀਤ ਸਿੰਘ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਦੀ ਨੌਜਵਾਨਾਂ ਨੂੰ ਸਿੱਖਿਆ ਨਾਲ ਜੋੜਨ ਦੀ ਸੋਚ ’ਤੇ ਪਹਿਰਾ ਦਿੰਦਿਆਂ, ਮਸ਼ਹੂਰ ਸੰਸਥਾ ‘ਖ਼ਾਲਸਾ ਏਡ’ ਨੇ ਆਪਣੇ ‘ਮੇਰਾ ਪਿੰਡ 360’ ਪ੍ਰੋਜੈਕਟ ਅਧੀਨ ਲਾਇਬ੍ਰੇਰੀ ਨੂੰ 20 ਕੰਪਿਊਟਰ ਦਾਨ ਕੀਤੇ ਹਨ। ਕੰਪਿਊਟਰਾਂ ਰਾਹੀਂ ਪਿੰਡ ਅਤੇ ਆਸ-ਪਾਸ ਦੇ ਗਰੀਬ ਤੇ ਲੋੜਵੰਦ ਬੱਚਿਆਂ ਨੂੰ ਬਿਲਕੁਲ ਮੁਫ਼ਤ ਕੰਪਿਊਟਰ ਕੋਰਸ ਕਰਵਾਏ ਜਾ ਰਹੇ ਹਨ। ਵੱਖ-ਵੱਖ ਦਾਨੀ ਸੱਜਣਾਂ ਵਲੋਂ ਲਾਇਬ੍ਰੇਰੀ ਲਈ ਲਗਾਤਾਰ ਮਿਆਰੀ ਕਿਤਾਬਾਂ ਦਾਨ ਕੀਤੀਆਂ ਜਾ ਰਹੀਆਂ ਹਨ। ਸੁਸਾਇਟੀ ਦੇ ਸ਼ਲਾਘਾਯੋਗ ਉਪਰਾਲੇ ਦੀ ਪੂਰੇ ਇਲਾਕੇ ’ਚ ਭਰਪੂਰ ਪ੍ਰਸ਼ੰਸਾ ਹੋ ਰਹੀ ਹੈ। ਲਾਇਬ੍ਰੇਰੀ ਅੱਜ ਦੂਜੇ ਪਿੰਡਾਂ ਲਈ ਇਕ ਮਿਸਾਲ ਬਣ ਚੁੱਕੀ ਹੈ ਕਿ ਕਿਵੇਂ ਸਰਕਾਰੀ ਫ਼ੰਡਾਂ ਦੀ ਘਾਟ ਦੇ ਬਾਵਜੂਦ ਦ੍ਰਿੜ ਇੱਛਾ ਸ਼ਕਤੀ ਅਤੇ ਸਮਾਜਿਕ ਸਹਿਯੋਗ ਨਾਲ ਨੌਜਵਾਨੀ ਦੇ ਭਵਿੱਖ ਨੂੰ ਰੌਸ਼ਨ ਕੀਤਾ ਜਾ ਸਕਦਾ ਹੈ।

Ad Position 22
No active advertisement
ਪਿਛਲੀ ਖ਼ਬਰ ਸੜਕ ਹਾਦਸੇ ’ਚ ਇਕੋ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ-2 ਗੰਭੀਰ ਜ਼ਖ਼ਮੀ ਅਗਲੀ ਖ਼ਬਰ 160 ਨਸ਼ੀਲੇ ਕੈਪਸੂਲ ਬਰਾਮਦ
Ad Position 24
No active advertisement