ਮਾਨਸਾ, 18 ਜੁਲਾਈ (ਬਲਵਿੰਦਰ ਸਿੰਘ ਧਾਲੀਵਾਲ)- ਸਾਂਝੇ ਮੁਲਾਜ਼ਮ ਮੰਚ ਦੇ ਸੱਦੇ ‘ਤੇ ਦੀ ਮਾਨਸਾ ਸੈਂਟਰਲ ਕੋਆਪਰੇਟਿਵ ਬੈਂਕ ਇੰਪਲਾਈਜ਼ ਯੂਨੀਅਨ ਵਲੋਂ ਇੱਥੇ ਮੁੱਖ ਦਫ਼ਤਰ ਅੱਗੇ ਗੇਟ ਰੈਲੀ ਕਰ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਸੰਬੋਧਨ ਕਰਦਿਆਂ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸੁਖਜਿੰਦਰ ਸਿੰਘ ਸਿੱਧੂ, ਜਨਰਲ ਸਕੱਤਰ ਭੁਪਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ 7 ਜੁਲਾਈ 2020 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ ‘ਤੇ ਕੇਂਦਰ ਸਰਕਾਰ ਦਾ ਤਨਖ਼ਾਹ ਸਕੇਲ ਲਾਗੂ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਸਕੇਲ ਲਾਗੂ ਹੋਣ ਨਾਲ ਕਰਮਚਾਰੀਆਂ ਦੀ ਤਨਖ਼ਾਹ ਬਹੁਤ ਘਟ ਜਾਵੇਗੀ ਅਤੇ ਮਹਿੰਗਾਈ ਦੇ ਯੁੱਗ ‘ਚ ਉਨ੍ਹਾਂ ਨੂੰ ਘਰ ਦਾ ਗੁਜ਼ਾਰਾ ਚਲਾਉਣਾ ਮੁਸ਼ਕਿਲ ਹੋ ਜਾਵੇਗਾ। ਯੂਨੀਅਨ ਦੇ ਪ੍ਰੈੱਸ ਸਕੱਤਰ ਮਹਿੰਦਰ ਸਿੰਘ ਜੋਗਾ ਨੇ ਸਾਂਝੇ ਮੁਲਾਜ਼ਮ ਮੰਚ ਦੇ ਸੰਘਰਸ਼ ਦੀ ਹਮਾਇਤ ਕਰਦਿਆਂ ਦੱਸਿਆ ਕਿ 7 ਅਗਸਤ ਨੂੰ ਚੰਡੀਗੜ੍ਹ ਵਿਖੇ ਹੋਣ ਵਾਲੀ ਰੈਲੀ ‘ਚ ਸਹਿਕਾਰੀ ਬੈਂਕ ਦੇ ਮੁਲਾਜ਼ਮ ਵੱਡੀ ਗਿਣਤੀ ‘ਚ ਸ਼ਾਮਿਲ ਹੋਣਗੇ। ਉਨ੍ਹਾਂ ਮੰਗ ਕੀਤੀ ਕਿ ਨਵੇਂ ਭਰਤੀ ਹੋਣ ਵਾਲੇ ਕਰਮਚਾਰੀਆਂ ਨੂੰ ਪੰਜਾਬ ਸਰਕਾਰ ਦਾ ਤਨਖ਼ਾਹ ਸਕੇਲ ਦਿੱਤਾ ਜਾਵੇ ਅਤੇ 6ਵੇਂ ਤਨਖ਼ਾਹ ਕਮਿਸ਼ਨ ਦੇ ਲਾਭ ਦੇਣ ਲਈ ਲਗਾਈ ਗਈ ਆਪਰੇਟਿੰਗ ਪ੍ਰੋਫਿਟ ਦੀ ਸ਼ਰਤ ਨੂੰ ਖ਼ਤਮ ਕੀਤਾ ਜਾਵੇ। ਉਨ੍ਹਾਂ ਇਹ ਮੰਗ ਵੀ ਉਠਾਈ ਕਿ ਸਹਾਇਕ ਮੈਨੇਜਰਾਂ, ਲੇਖਾਕਾਰਾਂ ਤੇ ਕਲਰਕਾਂ ਦੀਆਂ ਬਕਾਇਆ ਤਰੱਕੀਆਂ ਤੁਰੰਤ ਕੀਤੀਆਂ ਜਾਣ। ਯੂਨੀਅਨ ਵਲੋਂ ਨਵੇਂ ਨੋਟੀਫ਼ਿਕੇਸ਼ਨ ਦੀਆਂ ਕਾਪੀਆਂ ਵੀ ਸਾੜੀਆਂ ਗਈਆਂ। ਇਹ ਵੀ ਐਲਾਨ ਕੀਤਾ ਗਿਆ ਕਿ ਮੰਗਾਂ ਮੰਨਣ ਤੱਕ ਸੰਘਰਸ਼ ਜਾਰੀ ਰਹੇਗਾ। ਇਸ ਮੌਕੇ ਸੁਖਵਿੰਦਰ ਸਿੰਘ, ਦੀਪਕ ਗਰਗ, ਸਰਬਜੀਤ ਸਿੰਘ, ਮੋਹਿਤ ਗਰਗ, ਲਵਲੀ ਗਰਗ, ਹਨੀ ਗਰਗ, ਮਨਪ੍ਰੀਤ ਸਿੰਘ, ਸਾਹਿਲ ਗਰਗ, ਗਨੇਸ਼ ਕੁਮਾਰ ਸ਼ਾਹ, ਮਨਦੀਪ ਸਿੰਘ, ਵਿਕਾਸ ਕੁਮਾਰ, ਆਕਾਸ਼ ਕੁਮਾਰ, ਕੁਲਵਿੰਦਰ ਸਿੰਘ, ਗੀਤਾ ਗਾਂਧੀ, ਸਿਮਰਨਜੀਤ ਕੌਰ, ਗਗਨਦੀਪ ਕੌਰ ਆਦਿ ਹਾਜ਼ਰ ਸਨ।