ਬੁਢਲਾਡਾ, 18 ਜੁਲਾਈ (ਸਵਰਨ ਸਿੰਘ ਰਾਹੀ)- ਬਰੇਟਾ ਖੇਤਰ ਦੇ ਅਕਾਲੀ ਆਗੂ ਦਲਵੀਰ ਸਿੰਘ ਉਰਫ਼ ਕਾਲਾ ਜਵੰਦਾ ‘’ਤੇ ਹੋਈ ਫਾਇਰਿੰਗ ਦੇ ਮਾਮਲੇ ‘’ਚ ਨਾਮਜ਼ਦ ਕੀਤੇ 4 ਵਿਅਕਤੀਆਂ ‘’ਚੋਂ ਪੁਲਿਸ ਪਾਰਟੀ ਜਦੋਂ ਇਕ ਜਣੇ ਨੂੰ ਵਾਰਦਾਤ ‘’ਚ ਵਰਤੇ ਹਥਿਆਰ ਨੂੰ ਬਰਾਮਦ ਕਰਨ ਲਈ ਲਿਜਾ ਰਹੀ ਸੀ, ਉਹ ਪੁਲਿਸ ਨੂੰ ਦੱਸੀ ਥਾਂ ‘’ਤੇ ਹਥਿਆਰ ਕੱਢਣ ਲਈ ਗਿਆ ਤਾਂ ਉਸ ਨੇ ਪੁਲਿਸ ਉੱਪਰ ਫਾਇਰਿੰਗ ਕਰ ਦਿੱਤੀ। ਗੋਲੀ ਪੁਲਿਸ ਦੀ ਗੱਡੀ ‘’ਚ ਜਾ ਲੱਗੀ ਜਦਕਿ ਪੁਲਿਸ ਵਲੋਂ ਕੀਤੀ ਜਵਾਬੀ ਫਾਇਰਿੰਗ ਵਿਚ ਮੁਲਜ਼ਮ ਦੀ ਲੱਤ ‘’ਚ ਗੋਲੀ ਲੱਗਣ ਕਾਰਨ ਉਹ ਜ਼ਖਮੀ ਹੋ ਗਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡੀ. ਐਸ. ਪੀ. ਬੁਢਲਾਡਾ ਸਿਕੰਦਰ ਸਿੰਘ ਚੀਮਾ ਨੇ ਦੱਸਿਆ ਕਿ 13 ਜੁਲਾਈ ਦੀ ਸ਼ਾਮ ਨੂੰ ਕਾਲਾ ਜਵੰਦਾ ਜਦੋਂ ਆਪਣੀ ਦੁਕਾਨ ਤੋਂ ਪਿੰਡ ਜਾਣ ਲਈ ਕਾਰ ‘’ਤੇ ਸਵਾਰ ਹੋਇਆ ਤਾਂ ਅਣਪਛਾਤੇ ਵਿਅਕਤੀ ਵਲੋਂ ਫਾਇਰਿੰਗ ਕਰ ਕੇ ਉਸ ਨੂੰ ਜ਼ਖਮੀ ਕਰ ਦਿੱਤਾ ਸੀ। ਇਸ ਮਾਮਲੇ ‘’ਚ ਪੁਲਿਸ ਵਲੋਂ ਰਵੀ ਬਰੇਟਾ, ਰਵੀ ਸ਼ਰਮਾ, ਰਾਜਵੀਰ ਸਿੰਘ ਉਰਫ਼ ਰਾਜੂ ਸਰਪੰਚ ਕੁੱਲਰੀਆਂ ਅਤੇ ਗੁਰਮੀਤ ਸਿੰਘ ਮੀਤਾ ਵਾਸੀ ਦਾਤੇਵਾਸ ਖਿਲਾਫ ਮੁਕੱਦਮਾ ਦਰਜ ਕਰ ਕੇ ਭਾਲ ਸ਼ੁਰੂ ਕੀਤੀ ਹੋਈ ਸੀ, ਜਿਸ ਤਹਿਤ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਨੂੰ ਹਥਿਆਰ ਬਰਾਮਦ ਕਰਵਾਉਣ ਲਈ ਪੁਲਿਸ ਪਾਰਟੀ ਵੱਲੋਂ ਦੱਸੀ ਥਾਂ ’ਤੇ ਲਿਜਾਇਆ ਗਿਆ ਤਾਂ ਉਕਤ ਘਟਨਾ ਵਾਪਰੀ ਹੈ। ਜ਼ਖਮੀ ਮੁਲਜ਼ਮ ਸਿਵਲ ਹਸਪਤਾਲ ਬੁਢਲਾਡਾ ਵਿਖੇ ਜੇਰੇ ਇਲਾਜ ਹੈ।