ਮਾਨਸਾ, 20 ਜੁਲਾਈ (ਬਲਵਿੰਦਰ ਸਿੰਘ ਧਾਲੀਵਾਲ)- ਸਫ਼ਾਈ ਕਰਮਚਾਰੀਆਂ ਦੀ ਹੜਤਾਲ 13ਵੇਂ ਦਿਨ ਵੀ ਜਾਰੀ ਰਹੀ। ਹੜਤਾਲ ਕਾਰਨ ਸ਼ਹਿਰਾਂ/ਕਸਬਿਆਂ ’ਚ ਕੂੜੇ ਦੇ ਅੰਬਾਰ ਲੱਗ ਗਏ ਹਨ। ਥਾਂ-ਥਾਂ ਲੱਗੇ ਗੰਦਗੀ ਦੇ ਢੇਰਾਂ ’ਚ ਬੇਸਹਾਰਾ ਪਸ਼ੂ ਮੂੰਹ ਮਾਰਦੇ ਆਮ ਵੇਖੇ ਜਾ ਸਕਦੇ ਹਨ ਜਦਕਿ ਰਾਹਗੀਰਾਂ ਨੂੰ ਪੈਦਲ ਲੰਘਣ ਸਮੇਂ ਮੁਸ਼ਕਲਾਂ ’ਚੋਂ ਗੁਜ਼ਰਨਾ ਪੈਂਦਾ ਹੈ ਕਿਉਂਕਿ ਜਿੱਥੇ ਕਈ ਥਾਵਾਂ ’ਤੇ ਬਦਬੂ ਮਾਰਨ ਲੱਗੀ ਹੈ ਉੱਥੇ ਸੜਕਾਂ ’ਤੇ ਖਿੱਲਰੇ ਕੂੜੇ ਦੇ ਢੇਰ ਵਾਹਨਾਂ ਲਈ ਵੀ ਸਮੱਸਿਆਵਾਂ ਬਣ ਰਹੇ ਹਨ। ਸਫ਼ਾਈ ਕਰਮਚਾਰੀਆਂ ਨੇ ਸਥਾਨਕ ਨਗਰ ਕੌਂਸਲ ਦਫ਼ਤਰ ਅੱਗੇ ਧਰਨੇ ਦੇ ਚੱਲਦਿਆਂ ਪੰਜਾਬ ਸਰਕਾਰ ਤੇ ਸਥਾਨਕ ਸਰਕਾਰਾਂ ਵਿਭਾਗ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਸਫ਼ਾਈ ਸੇਵਕ ਕਰਮਚਾਰੀ ਯੂਨੀਅਨ ਦੇ ਸੂਬਾ ਆਗੂ ਸੰਜੀਵ ਕੁਮਾਰ ਰੱਤੀ, ਪ੍ਰਧਾਨ ਪ੍ਰਵੀਨ ਕੁਮਾਰ ਚੌਹਾਨ ਨੇ ਦੱਸਿਆ ਕਿ ਅੱਜ ਕਾਰਜ ਸਾਧਕ ਅਫ਼ਸਰ ਵਲੋਂ ਯੂਨੀਅਨ ਨਾਲ ਮੀਟਿੰਗ ਕਰ ਕੇ ਕੂੜੇ ਦੇ ਡੰਪਾਂ ਨੂੰ ਚੁੱਕਣ ਲਈ ਕਿਹਾ ਗਿਆ ਪਰ ਯੂਨੀਅਨ ਵਲੋਂ ਮੰਗਾਂ ਮੰਨਣ ਤੱਕ ਹੜਤਾਲ ਜਾਰੀ ਰੱਖਣ ਦਾ ਫ਼ੈਸਲਾ ਕੀਤਾ ਗਿਆ। ਉਨ੍ਹਾਂ ਇਹ ਵੀ ਚਿਤਾਵਨੀ ਦਿੱਤੀ ਕਿ ਜੇਕਰ ਪ੍ਰਸ਼ਾਸਨ ਵਲੋਂ ਕਿਸੇ ਹੋਰ ਤਰੀਕੇ ਨਾਲ ਡੰਪ ਚੁਕਵਾਏ ਗਏ ਤਾਂ ਅਧਿਕਾਰੀਆਂ ਦੇ ਘਰਾਂ ਅਤੇ ਦਫ਼ਤਰਾਂ ਅੱਗੇ ਕੂੜੇ ਦੇ ਢੇਰ ਲਗਾ ਦਿੱਤੇ ਜਾਣਗੇ। ਉਨ੍ਹਾਂ ਮੰਗ ਕੀਤੀ ਕਿ ਸਾਰੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕੀਤਾ ਜਾਵੇ, ਡੀ.ਏ. ਦਾ ਬਕਾਇਆ ਤੁਰੰਤ ਅਦਾ ਕਰਨ ਦੇ ਨਾਲ ਹੀ ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇ। ਇਸ ਮੌਕੇ ਸੁਖਦੇਵ ਮਲਿਕ, ਰਾਜ ਕੁਮਾਰ, ਵਿਨੋਦ ਕੁਮਾਰ ਚੇਤਨ ਆਦਿ ਹਾਜ਼ਰ ਸਨ।
ਹੜਤਾਲ ਦੇ ਚੱਲਦਿਆਂ ਸਫ਼ਾਈ ਕਰਮਚਾਰੀਆਂ ਨੇ ਨਾਅਰੇਬਾਜ਼ੀ ਕੀਤੀ, ਸ਼ਹਿਰ ’ਚ ਕੂੜੇ ਦੇ ਡੰਪ ਲੱਗੇ
ਅਜੀਤ ਡੈਸਕ
21-07-2026