ਝੁਨੀਰ, 20 ਜੁਲਾਈ (ਸੰਜੀਵ ਸਿੰਗਲਾ)- ਨੇੜਲੇ ਪਿੰਡ ਫ਼ਤਿਹਪੁਰ ਵਿਖੇ ਆਸ਼ਾ ਵਰਕਰਾਂ ਵਲੋਂ ‘ਸਰਕਾਰ ਨੂੰ ਕੀਤੇ ਵਾਅਦੇ ਯਾਦ ਕਰਾਓ’ ਪ੍ਰੋਗਰਾਮ ਤਹਿਤ ਹਲਕਾ ਸਰਦੂਲਗੜ੍ਹ ਦੇ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਨੂੰ ਲੰਬੇ ਸਮੇਂ ਤੋਂ ਲਟਕਦੀਆਂ ਮੰਗਾਂ ਸੰਬੰਧੀ ਪੱਤਰ ਸੌਂਪਿਆ ਗਿਆ। ਆਸ਼ਾ ਵਰਕਰਾਂ ਨੇ ਰੋਸ ਪ੍ਰਗਟਾਉਂਦਿਆਂ ਕਿਹਾ ਕਿ ‘ਆਪ’ ਸਰਕਾਰ ਵਲੋਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਸ਼ਾ ਵਰਕਰਾਂ ਦੀਆਂ ਸਾਰੀਆਂ ਮੰਗਾਂ ਪਹਿਲ ਦੇ ਆਧਾਰ ’ਤੇ ਪੂਰੀਆਂ ਕਰਨ ਦਾ ਵਾਅਦਾ ਕੀਤਾ ਗਿਆ ਸੀ ਪਰ ਸੱਤਾ ਦੇ ਸਾਡੇ 4 ਸਾਲ ਬਾਅਦ ਵੀ ਮੰਗਾਂ ਨੂੰ ਬੂਰ ਨਹੀਂ ਪਿਆ। ਉਨ੍ਹਾਂ ਦੋਸ਼ ਲਗਾਇਆ ਕਿ ਸਰਕਾਰ ਵਲੋਂ ਆਸ਼ਾ ਵਰਕਰਾਂ ਦੀਆਂ ਮੰਗਾਂ ਨੂੰ ਅਣਗੌਲਿਆ ਕੀਤਾ ਜਾ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਤਨਖ਼ਾਹ ਘੱਟੋ-ਘੱਟ 24 ਹਜ਼ਾਰ ਰੁਪਏ ਪ੍ਰਤੀ ਮਹੀਨਾ ਕਰਨ ਦੇ ਨਾਲ ਹੀ ਬਕਾਇਆ ਡੀ.ਏ. ਤੁਰੰਤ ਬਹਾਲ ਕੀਤਾ ਜਾਵੇ ਅਤੇ ਏ.ਐਨ.ਐਮ. ਪਾਸ ਵਰਕਰਾਂ ਨੂੰ ਤੁਰੰਤ ਨਿਯੁਕਤੀ ਪੱਤਰ ਦੇ ਕੇ ਸਿਹਤ ਵਿਭਾਗ ’ਚ ਨਿਯੁਕਤ ਕੀਤਾ ਜਾਵੇ ਸਮੇਤ ਸਾਰੀਆਂ ਮੰਗਾਂ ਮੰਨੀਆਂ ਜਾਣ। ਵਿਧਾਇਕ ਬਣਾਂਵਾਲੀ ਨੇ ਵਿਸ਼ਵਾਸ ਦਿਵਾਇਆ ਕਿ ਜਲਦ ਹੀ ਸਮੱਸਿਆ ਦਾ ਢੁਕਵਾਂ ਹੱਲ ਕੱਢ ਕੇ ਮੰਗਾਂ ਪੂਰੀਆਂ ਕੀਤੀਆਂ ਜਾਣਗੀਆਂ। ਇਸ ਮੌਕੇ ਬਲਾਕ ਪ੍ਰਧਾਨ ਜਸਵਿੰਦਰ ਕੌਰ ਘੁਰਕਣੀ, ਬਲਜੀਤ ਕੌਰ ਮੋਫਰ ਆਦਿ ਹਾਜ਼ਰ ਸਨ।
‘ਸਰਕਾਰ ਨੂੰ ਕੀਤੇ ਵਾਅਦੇ ਯਾਦ ਕਰਾਓ’ ਤਹਿਤ ਆਸ਼ਾ ਵਰਕਰਾਂ ਨੇ ਵਿਧਾਇਕ ਨੂੰ ਦਿੱਤਾ ਮੰਗ-ਪੱਤਰ
ਅਜੀਤ ਡੈਸਕ
21-07-2026