ਬੋਹਾ, 21 ਜੁਲਾਈ (ਰਮੇਸ਼ ਤਾਂਗੜੀ)- ਨਗਰ ਪੰਚਾਇਤ ਬੋਹਾ ਦੇ ਪ੍ਰਧਾਨ ਜਗਸੀਰ ਸਿੰਘ ਜੱਗਾ ਅਤੇ ਉਪ ਪ੍ਰਧਾਨ ਕ੍ਰਿਪਾਲ ਸਿੰਘ ਖ਼ਾਲਸਾ ਨੇ ਪੰਚਾਇਤ ਦਾ ਅਹੁਦਾ ਸੰਭਾਲਣ ਤੋਂ ਬਾਅਦ ਪੱਤਰਕਾਰਾਂ ਨਾਲ ਪਲੇਠੀ ਮੀਟਿੰਗ ਕੀਤੀ। ਉਨ੍ਹਾਂ ਕਿਹਾ ਕਿ ਕਸਬੇ ਦੇ ਵਿਕਾਸ ਅਤੇ ਅਧੂਰੇ ਕੰਮਾਂ ਨੂੰ ਪੂਰਾ ਕਰਨ ਲਈ ਵਿਉਂਤਾਂ ਤਿਆਰ ਕਰ ਕੇ ਮਾਸਟਰ ਯੋਜਨਾ ਤਿਆਰ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਹੁਣ ਜਦੋਂ ਨਗਰ ਪੰਚਾਇਤ ਬੋਹਾ ਦੇ ਸਫ਼ਾਈ ਕਰਮਚਾਰੀ ਹੜਤਾਲ ‘ਤੇ ਚੱਲ ਰਹੇ ਹਨ ਤਾਂ ਸ਼ਹਿਰ ‘ਚ ਕੂੜੇ ਦੇ ਢੇਰ ਵਧ ਰਹੇ ਹਨ। ਅਜਿਹੇ ਮੌਕੇ ਸ਼ਹਿਰ ਦੇ ਕਾਫ਼ੀ ਲੋਕ ਆਪਣੇ ਘਰਾਂ ਦਾ ਕੂੜਾ ਸੜਕਾਂ, ਨਾਲੀਆਂ ਅਤੇ ਨਾਲਿਆਂ ‘ਚ ਸੁੱਟ ਰਹੇ ਹਨ। ਖ਼ਾਸ ਕਰ ਕੇ ਪ੍ਰੋਗਰਾਮਾਂ ਅਤੇ ਇਕੱਠਾਂ ‘ਚ ਵਰਤੇ ਜਾਂਦੇ ਪਲਾਸਟਿਕ ਭਾਂਡੇ ਵਰਤਣ ਤੋਂ ਬਾਅਦ ਲੋਕ ਨਾਲੀਆਂ ਤੇ ਨਾਲਿਆਂ ‘ਚ ਰੋੜ ਦਿੰਦੇ ਹਨ, ਜਿਸ ਨਾਲ ਸੀਵਰੇਜ ਜਾਮ ਹੋ ਜਾਂਦਾ ਹੇ। ਉਨ੍ਹਾਂ ਕਿਹਾ ਕਿ ਸੀਵਰੇਜ ਬੰਦ ਹੋਣ ਕਾਰਨ ਮੀਂਹ ਅਤੇ ਛੱਪੜਾਂ ਦਾ ਪਾਣੀ ਵੀ ਸੜਕਾਂ ‘ਤੇ ਕੱਢਿਆ ਜਾਂਦਾ ਹੈ। ਪੰਚਾਇਤ ਆਗੂਆਂ ਨੇ ਕਿਹਾ ਕਿ ਉਕਤ ਸਮੱਸਿਆਵਾਂ ਦੇ ਹੱਲ ਲਈ ਛੇਤੀ ਹੀ ਐਸਟੀਮੇਟ ਤਿਆਰ ਕਰ ਕੇ ਇਨ੍ਹਾਂ ਸਮੱਸਿਆਵਾਂ ਨੂੰ ਹੱਲ ਕਰਵਾਉਣਗੇ। ਸ਼ਹਿਰ ‘ਚ ਛੇਤੀ ਹੀ ਗੰਦਗੀ ਹਟਾਈ ਜਾਵੇਗੀ ਅਤੇ ਘਰਾਂ ਦਾ ਕੂੜਾ ਚੁੱਕਣ ਦਾ ਪ੍ਰਬੰਧ ਕੀਤਾ ਜਾਵੇਗਾ।
ਨਗਰ ਪੰਚਾਇਤ ਬੋਹਾ ਦੇ ਪ੍ਰਧਾਨ ਤੇ ਮੀਤ ਪ੍ਰਧਾਨ ਨੇ ਪੱਤਰਕਾਰਾਂ ਨਾਲ ਪਲੇਠੀ ਕੀਤੀ ਮੀਟਿੰਗ
ਅਜੀਤ ਡੈਸਕ
22-07-2026