ਬਿਜਲੀ ਕਰਮਚਾਰੀਆਂ ਨੇ ਦੂਜੇ ਦਿਨ ਵੀ ਧਰਨਾ ਪ੍ਰਦਰਸ਼ਨ ਕਰ ਕੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ
ਅਜੀਤ ਡੈਸਕ
23-07-2026
ਬੁਢਲਾਡਾ ਵਿਖੇ ਵੀ ਕਰਮਚਾਰੀਆਂ ਨੇ ਰੋਸ ਪ੍ਰਗਟਾਇਆ
ਬੁਢਲਾਡਾ ਤੋਂ ਸਵਰਨ ਸਿੰਘ ਰਾਹੀ ਅਨੁਸਾਰ- ਇੱਥੇ ਪਾਵਰਕਾਮ ਮੈਨੇਜਮੈਂਟ ਅਤੇ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਦਿਆਂ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਨੇ ਦੋਸ਼ ਲਗਾਇਆ ਕਿ ਕਈ ਵਾਰ ਮੀਟਿੰਗਾਂ ਦੇ ਬਾਵਜੂਦ ਉਨ੍ਹਾਂ ਦੀਆਂ ਮੰਗਾਂ ਨੂੰ ਲਗਾਤਾਰ ਲਟਕਾਇਆ ਜਾ ਰਿਹਾ ਹੈ। ਆਗੂਆਂ ਅਨੁਸਾਰ 11 ਜੂਨ ਨੂੰ ਬਿਜਲੀ ਮੰਤਰੀ ਨਾਲ ਹੋਈ ਮੀਟਿੰਗ ’ਚ ਕਈ ਅਹਿਮ ਮੰਗਾਂ ’ਤੇ ਸਹਿਮਤੀ ਬਣੀ ਸੀ ਪਰ ਹਾਲੇ ਤੱਕ ਅਮਲੀ ਰੂਪ ਨਹੀਂ ਦਿੱਤਾ ਗਿਆ। ਆਗੂਆਂ ਨੇ ਕਿਹਾ ਕਿ ਮੀਟਿੰਗਾਂ ਅਤੇ ਭਰੋਸਿਆਂ ਦੇ ਬਾਵਜੂਦ ਮੰਗਾਂ ਦਾ ਨਿਪਟਾਰਾ ਨਾ ਹੋਣ ਕਾਰਨ ਮੁਲਾਜ਼ਮਾਂ ਤੇ ਪੈਨਸ਼ਨਰਾਂ ’ਚ ਰੋਸ ਫੈਲਿਆ ਹੋਇਆ ਹੈ।
ਜੋਗਾ ਵਿਖੇ ਬਿਜਲੀ ਬੋਰਡ ਵਿਰੁੱਧ ਰੋਸ ਪ੍ਰਦਰਸ਼ਨ
ਜੋਗਾ ਤੋਂ ਮਨਜੀਤ ਸਿੰਘ ਘੜੈਲੀ ਅਨੁਸਾਰ- ਬਿਜਲੀ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਮੰਗਾਂ ਦੀ ਲਗਾਤਾਰ ਕੀਤੀ ਜਾ ਰਹੀ ਅਣਦੇਖੀ ਦੇ ਰੋਸ ਵਜੋਂ ਬਿਜਲੀ ਮੁਲਾਜ਼ਮਾਂ ਵਲੋਂ ਪੰਜਾਬ ਸਰਕਾਰ ਤੇ ਬਿਜਲੀ ਬੋਰਡ ਖ਼ਿਲਾਫ਼ ਸਮੂਹਿਕ ਛੁੱਟੀ ਦੇ ਦੂਜੇ ਦਿਨ ਵੀ ਪ੍ਰਦਰਸ਼ਨ ਜਾਰੀ ਰਿਹਾ। ਪ੍ਰੈੱਸ ਸਕੱਤਰ ਕ੍ਰਿਸ਼ਨ ਮਾਨਬੀਬੜੀਆਂ ਨੇ ਕਿਹਾ ਕਿ ਸਰਕਾਰ ਵਲੋਂ ਬਿਜਲੀ ਮੁਲਾਜ਼ਮਾਂ ਨਾਲ ਕੀਤੀ ਜਾ ਰਹੀ ਵਾਅਦਾ ਖ਼ਿਲਾਫ਼ੀ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਇਸ ਮੌਕੇ ਸੰਦੀਪ ਮੱਤੀ, ਅਮਰੀਕ ਸਿੰਘ, ਬਲਵੀਰ ਸਿੰਘ ਜੋਗਾ, ਅੰਗਰੇਜ਼ ਸਿੰਘ ਮੌਜੋ, ਸੁਖਵਿੰਦਰ ਸਿੰਘ ਕੋਟੜਾ, ਰਾਜਵਿੰਦਰਦਾਸ, ਪ੍ਰਗਟ ਸਿੰਘ ਗਾਗੋਵਾਲ, ਭੁਪਿੰਦਰ ਵਾਲੀਆ, ਬਲਵਿੰਦਰ ਸਿੰਘ ਆਦਿ ਹਾਜ਼ਰ ਸਨ।