ਭੀਖੀ, 22 ਜੁਲਾਈ (ਬਲਕਾਰ ਸਿੰਘ ਸਹੋਤਾ)- ਭਾਰਤ ਸਰਕਾਰ ਵਲੋਂ ਹਰਜੀਤ ਸਿੰਘ ਗਰੇਵਾਲ ਨੂੰ ਕੌਮੀ ਘੱਟ ਗਿਣਤੀ ਕਮਿਸ਼ਨ ਦਾ ਚੇਅਰਮੈਨ ਨਿਯੁਕਤ ਕਰਨ ’ਤੇ ਉਨ੍ਹਾਂ ਬੀਤੇ ਕੱਲ੍ਹ ਕਮਿਸ਼ਨ ਦੇ ਦਫ਼ਤਰ ਦਿੱਲੀ ਵਿਖੇ ਅਹੁਦਾ ਸੰਭਾਲਿਆ। ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਮਿਸ਼ਨ ਦੇਸ਼ ’ਚ ਘੱਟ ਗਿਣਤੀਆਂ ਲਈ ਇਨਸਾਫ਼, ਖ਼ੁਸ਼ਹਾਲੀ, ਤਰੱਕੀ ਅਤੇ ਸਿੱਖਿਆ ਖੇਤਰ ’ਚ ਪ੍ਰਤੀਬੱਧਤਾ ਨਾਲ ਕਾਰਜ ਕਰੇਗਾ। ਉਨ੍ਹਾਂ ਕਿਹਾ ਕਿ ਕਮਿਸ਼ਨ ਆਪਣੇ ਫ਼ਰਜ਼ਾਂ ਅਤੇ ਅਧਿਕਾਰਾਂ ਦੀ ਪੂਰਨ ਤੌਰ ’ਤੇ ਵਰਤੋਂ ਕਰਦਿਆਂ ਦੇਸ਼ ’ਚ ਘੱਟ ਗਿਣਤੀਆਂ ਦਾ ਸਨਮਾਨ ਪੂਰਨ ਤੌਰ ’ਤੇ ਬਹਾਲ ਰੱਖੇਗਾ। ਉਨ੍ਹਾਂ ਇੱਕ ਸਵਾਲ ਦੇ ਜਵਾਬ ’ਚ ਸਿੱਖਾਂ ’ਚ ਹੋ ਰਹੇ ਧਰਮ ਪਰਿਵਰਤਨ ’ਤੇ ਚਿੰਤਾ ਜ਼ਾਹਿਰ ਕਰਦਿਆਂ ਕਿਹਾ ਕਿ ਇਸ ਮੁੱਦੇ ’ਤੇ ਕਮਿਸ਼ਨ ਗੰਭੀਰਤਾ ਨਾਲ ਵਿਚਾਰ ਕਰੇਗਾ। ਉਨ੍ਹਾਂ ਧਾਰਮਿਕ ਸੰਸਥਾਵਾਂ ਅਤੇ ਖ਼ਾਸ ਕਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਨੂੰ ਅਪੀਲ ਕੀਤੀ ਕਿ ਸਿੱਖਾਂ ’ਚ ਹੋ ਰਹੇ ਧਰਮ ਪਰਿਵਰਤਨ ਨੂੰ ਰੋਕਣ ਲਈ ਹਰ ਪੱਧਰ ’ਤੇ ਗੰਭੀਰਤਾ ਨਾਲ ਵਿਚਾਰ ਕੀਤਾ ਜਾਵੇ ਅਤੇ ਲੋੜਵੰਦ ਸਿੱਖਾਂ ਦੀ ਆਰਥਿਕ ਸਹਾਇਤਾ ਦੇ ਨਾਲ-ਨਾਲ ਸਮਾਜਿਕ ਰੁਤਬਾ ਕਾਇਮ ਰੱਖਣ ਲਈ ਯਤਨ ਕਰੇ। ਇਸ ਮੌਕੇ ਸਾਬਕਾ ਕੇਂਦਰੀ ਮੰਤਰੀ ਵਿਜੈ ਕੁਮਾਰ ਸਾਂਪਲਾ, ਕਮਿਸ਼ਨ ਦੇ ਉਪ ਚੇਅਰਪਰਸਨ ਐਸ. ਮੁਨਾਵਾਰੀ ਬੇਗ਼ਮ, ਸਤਵੰਤ ਸਿੰਘ ਪੂਨੀਆ, ਸੁਖਦੇਵ ਸਿੰਘ ਫਰਵਾਹੀ, ਗੁਰਤੇਜ ਸਿੰਘ ਢਿੱਲੋਂ, ਰਾਕੇਸ਼ ਜੈਨ, ਰਜਿੰਦਰ ਰਾਜ਼ੀ ਆਦਿ ਹਾਜ਼ਰ ਸਨ।