ਮਾਨਸਾ, 22 ਜੁਲਾਈ (ਬਲਵਿੰਦਰ ਸਿੰਘ ਧਾਲੀਵਾਲ)- ਰਿਟਾਇਰਡ ਇੰਪਲਾਈਜ਼ ਵੈੱਲਫੇਅਰ ਐਸੋਸੀਏਸ਼ਨ ਨੇ ਦਿੱਲੀ ਦੇ ਜੰਤਰ ਮੰਤਰ ਚੌਂਕ ਵਿਖੇ ਪਿਛਲੇ ਦਿਨੀਂ ਨੀਟ ਦੇ ਲੀਕ ਹੋਏ ਪੇਪਰ ਅਤੇ ਕੇਂਦਰੀ ਸਿੱਖਿਆ ਮੰਤਰੀ ਮਹਿੰਦਰ ਪ੍ਰਧਾਨ ਦੇ ਅਸਤੀਫ਼ੇ ਦੀ ਮੰਗ ਨੂੰ ਲੈ ਕੇ ਦੇਸ਼ ਦੇ ਨੌਜਵਾਨਾਂ ਵਲੋਂ ਕੀਤੇ ਜਾ ਰਹੇ ਸ਼ਾਂਤੀਪੂਰਨ ਰੋਸ ਪ੍ਰਦਰਸ਼ਨ ਦੌਰਾਨ ਕੇਂਦਰ ਦੀ ਮੋਦੀ ਸਰਕਾਰ ਦੇ ਇਸ਼ਾਰੇ ‘ਤੇ ਦਿੱਲੀ ਪੁਲਿਸ ਵਲੋਂ ਕੀਤੇ ਗਏ ਅੰਨ੍ਹੇਵਾਹ ਲਾਠੀਚਾਰਜ ਅਤੇ ਅੱਥਰੂ ਗੈਸ ਦੇ ਗੋਲੇ ਦਾਗ਼ਣ ਦੀ ਸਖ਼ਤ ਨਿਖੇਧੀ ਕੀਤੀ ਹੈ। ਜ਼ਿਲ੍ਹਾ ਪ੍ਰਧਾਨ ਸਿਕੰਦਰ ਸਿੰਘ ਘਰਾਂਗਣਾ ਤੇ ਸੀਨੀਅਰ ਮੀਤ ਪ੍ਰਧਾਨ ਆਤਮਾ ਸਿੰਘ ਪਮਾਰ ਨੇ ਕਿਹਾ ਕਿ ਵਿਦਿਆਰਥੀਆਂ ਵਲੋਂ ਦਿਨ-ਰਾਤ ਮਿਹਨਤ ਕਰ ਕੇ ਤਿਆਰੀ ਕੀਤੀ ਗਈ ਸੀ ਪਰ ਪੇਪਰ ਲੀਕ ਹੋਣ ਨਾਲ ਉਨ੍ਹਾਂ ਦੀ ਮਿਹਨਤ ‘ਤੇ ਪਾਣੀ ਫਿਰ ਗਿਆ ਹੈ, ਜਿਸ ਕਾਰਨ ਵਿਦਿਆਰਥੀ ਨਿਰਾਸ਼ਤਾ ਦੇ ਆਲਮ ‘ਚ ਹਨ। ਉਨ੍ਹਾਂ ਮੰਗ ਕੀਤੀ ਕਿ ਕੇਂਦਰੀ ਸਿੱਖਿਆ ਮੰਤਰੀ ਮਹਿੰਦਰ ਪ੍ਰਧਾਨ ਆਪਣੇ ਅਹੁਦੇ ਤੋਂ ਤੁਰੰਤ ਅਸਤੀਫ਼ਾ ਦੇਣ। ਇਸ ਮੌਕੇ ਅਜੈਬ ਸਿੰਘ ਅਲੀਸ਼ੇਰ, ਜੀਤ ਸਿੰਘ ਭੁੱਲਰ, ਜਸਵੰਤ ਸਿੰਘ ਕੁਲਿਹਰੀ, ਇੰਦਰ ਸਿੰਘ ਬੁਰਜ ਹਰੀ, ਹਰਬੰਸ ਸਿੰਘ ਢਿੱਲੋਂ, ਸੇਠੀ ਸਿੰਘ ਸਰਾਂ, ਰਾਜ ਕੁਮਾਰ ਰੰਗਾ, ਬਿੱਕਰ ਸਿੰਘ ਮੰਘਾਣੀਆਂ ਆਦਿ ਹਾਜ਼ਰ ਸਨ।