ਤਲਵੰਡੀ ਸਾਬੋ, 24 ਜੁਲਾਈ (ਰਣਜੀਤ ਸਿੰਘ ਰਾਜੂ)-ਦੇਸ਼ ਦੀ ਪ੍ਰੀਖਿਆ ਪ੍ਰਣਾਲੀ ’ਚ ਵੱਡੀਆਂ ਖਾਮੀਆਂ ਦੀ ਲੜੀ ’ਚ ‘ਨੀਟ’ ਇਮਤਿਹਾਨ ਦੌਰਾਨ ਧਾਂਦਲੀਆਂ ਦੇ ਮਾਮਲੇ ਨੂੰ ਲੈ ਕੇ ਕੇਂਦਰੀ ਸਿੱਖਿਆ ਮੰਤਰੀ ਦੇ ਅਸਤੀਫ਼ੇ ਸਮੇਤ ਹੋਰਨਾਂ ਮੰਗਾਂ ਨੂੰ ਲੈ ਕੇ ਦਿੱਲੀ ਵਿਖੇ ਸੰਘਰਸ਼ਸ਼ੀਲ ਹਜ਼ਾਰਾਂ ਵਿਦਿਆਰਥੀਆਂ ਅਤੇ ਵਿਦਿਆਰਥੀਆਂ ਦੇ ਹੱਕ ’ਚ ਸ਼ਾਂਤਮਈ ਪ੍ਰਦਰਸ਼ਨ ਕਰਦੇ ਲੋਕ ਸਭਾ ’ਚ ਵਿਰੋਧੀ ਧਿਰ ਨੇਤਾ ਰਾਹੁਲ ਗਾਂਧੀ ਖਿਲਾਫ਼ ਅਣਮਨੁੱਖੀ ਵਰਤਾਅ ਦੇਸ਼ ਦੇ ਲੋਕਤੰਤਰ ਤੇ ਧੱਬੇ ਦੇ ਸਮਾਨ ਹੈ। ਉਕਤ ਵਿਚਾਰਾਂ ਦਾ ਪ੍ਰਗਟਾਵਾ ਹਲਕੇ ’ਚ ਸਰਗਰਮ ਨੌਜਵਾਨ ਕਾਂਗਰਸੀ ਆਗੂ ਗੁਰਬਾਜ਼ ਸਿੰਘ ਸਿੱਧੂ ਨੇ ਪ੍ਰੈੱਸ ਬਿਆਨ ਰਾਹੀਂ ਕੀਤਾ। ਗੁਰਬਾਜ਼ ਸਿੰਘ ਸਿੱਧੂ ਨੇ ਕਿਹਾ ਕਿ ਸ਼ਾਂਤਮਈ ਰੋਸ ਮੁਜ਼ਾਹਰੇ ਕਰ ਰਹੇ ਦੇਸ਼ ਦੇ ਹਜ਼ਾਰਾਂ ਵਿਦਿਆਰਥੀਆਂ ਦੀ ਆਵਾਜ਼ ਨੂੰ ਜਿੱਥੇ ਕੇਂਦਰ ਦੀ ਭਾਜਪਾ ਸਰਕਾਰ ਵਲੋਂ ਡੰਡੇ ਦੇ ਜ਼ੋਰ ਨਾਲ ਦਬਾਇਆ ਜਾ ਰਿਹੈ ਉੱਥੇ ਸ਼ਰਮਨਾਕ ਵਰਤਾਰਾ ਇਹ ਰਿਹਾ ਕਿ ਵਿਦਿਆਰਥੀਆਂ ਦੇ ਸਮੱਰਥਨ ਤਹਿਤ ਦੇਸ਼ ਦੇ ਪ੍ਰਧਾਨ ਮੰਤਰੀ ਦੀ ਰਿਹਾਇਸ਼ ਅੱਗੇ ਸ਼ਾਂਤਮਈ ਪ੍ਰਦਰਸ਼ਨ ਕਰਨ ਸਮੇਂ ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨਾਲ ਪੁਲਿਸ ਨੇ ਅਣਮਨੁੱਖੀ ਵਰਤਾਅ ਕੀਤਾ ਜਦੋਂਕਿ ਉਹ ਦੇਸ਼ ਦੇ ਅਹਿਮ ਸੰਵਿਧਾਨਿਕ ਅਹੁਦਿਆਂ ’ਚੋਂ ਇਕ ਤੇ ਬਿਰਾਜਮਾਨ ਹਨ। ਸਿੱਧੂ ਨੇ ਕਿਹਾ ਕਿ ਵਿਦਿਆਰਥੀਆਂ ਨਾਲ ਸੰਵਾਦ ਰਚਾਉਣ ਦੀ ਥਾਂ ਜ਼ਬਰ ਜੁਲਮ ਕਰਕੇ ਅਤੇ ਨੇਤਾ ਵਿਰੋਧੀ ਧਿਰ ਵਰਗੇ ਅਹੁੱਦੇ ਦੇ ਸਨਮਾਨ ਨੂੰ ਸੱਟ ਮਾਰਕੇ ਭਾਜਪਾ ਨੇ ਫਿਰ ਦਰਸਾ ਦਿੱਤਾ ਹੈ ਕਿ ਉਹ ਤਾਨਾਸ਼ਾਹੀ ਤਰੀਕੇ ਨਾਲ ਸਰਕਾਰ ਚਲਾ ਰਹੀ ਹੈ ਅਤੇ ਲੋਕਤੰਤਰੀ ਕਦਰਾਂ ਕੀਮਤਾਂ ਉਨ੍ਹਾਂ ਲਈ ਕੋਈ ਮਾਇਨੇ ਨਹੀ ਰੱਖਦੀਆਂ।