ਸੰਗਤ ਮੰਡੀ, 24 ਜੁਲਾਈ (ਸੁਖਤੇਜ ਧਾਲੀਵਾਲ)- ਮਾਰਕੀਟ ਕਮੇਟੀ ਸੰਗਤ ਦੇ ਚੇਅਰਮੈਨ ਲਖਵੀਰ ਸਿੰਘ ਮਾਨ ਵਲੋਂ ਬਲਾਕ ਸੰਗਤ ਦੇ ਵੱਖ-ਵੱਖ ਪਿੰਡਾਂ ਦੇ ਸੈਕੰਡਰੀ ਸਕੂਲਾਂ ਅੰਦਰ ਪੜ੍ਹਦੇ ਗਿਆਰ੍ਹਵੀਂ ਅਤੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਸਕੂਲ ਬੈਗ ਵੰਡੇ ਗਏ। ਇਸ ਸਬੰਧੀ ਚੇਅਰਮੈਨ ਲਖਵੀਰ ਸਿੰਘ ਮਾਨ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਸਰਕਾਰੀ ਸੈਕੰਡਰੀ ਸਕੂਲਾਂ ਵਿਚ ਪੜ੍ਹਦੇ ਵਿਦਿਆਰਥੀਆਂ ਲਈ ਸਕੂਲ ਬੈਗ ਦਿੱਤੇ ਜਾ ਰਹੇ ਹਨ। ਇਸੇ ਕੜੀ ਦੇ ਤਹਿਤ ਉਨ੍ਹਾਂ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜੰਗੀਰਾਣਾ, ਰਾਏਕੇ ਕਲਾਂ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਝੁੰਬਾ ਦੇ ਵਿਦਿਆਰਥੀਆਂ ਨੂੰ ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੀ ਗਈ ਮੁਹਿੰਮ ਦੇ ਤਹਿਤ ਬਠਿੰਡਾ ਦਿਹਾਤੀ ਦੇ ਹਲਕਾ ਇੰਚਾਰਜ ਗੋਪਾਲ ਸਿੰਘ ਕੋਟਫੱਤਾ ਵਲੋਂ ਭੇਜੇ ਗਏ ਬੈਗ ਵੰਡੇ ਗਏ। ਸਕੂਲਾਂ ਵਿਚ ਰੱਖੇ ਗਏ ਸਾਦੇ ਪਰ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਚੇਅਰਮੈਨ ਲਖਵੀਰ ਸਿੰਘ ਮਾਨ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਦੇ ਸਰਕਾਰੀ ਸਕੂਲਾਂ ਅੰਦਰ ਬਦਲਾਅ ਦੀ ਇਕ ਨਵੀਂ ਸਵੇਰ ਪਰਤੀ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲਾਂ ਵਿਚ ਪੜ੍ਹਾਈ ਕਰਨ ਵਾਲੇ ਸਧਾਰਨ ਘਰਾਂ ਦੇ ਬੱਚਿਆਂ ਦੇ ਸੁਪਨੇ ਪੂਰੇ ਕਰਨ ਲਈ ਬਣਾਏ ਆਧੁਨਿਕ ਸਹੂਲਤਾਂ ਨਾਲ ਲੈਸ ਕਲਾਸ ਰੂਮ ਵਿਦਿਆਰਥੀਆਂ ਨੂੰ ਡਿਜ਼ੀਟਲ ਅਤੇ ਇੰਟਰਐਕਟਿਵ ਢੰਗ ਨਾਲ ਪੜ੍ਹਾਈ ਕਰਨ ਲਈ ਮੱਦਦਗਾਰ ਸਾਬਤ ਹੋ ਰਹੇ ਹਨ। ਇਸ ਮੌਕੇ ਉਨ੍ਹਾਂ ਦੇ ਨਾਲ ਹਲਕਾ ਸਿੱਖਿਆ ਕੋਆਰਡੀਨੇਟਰ ਜਸਵੰਤ ਸਿੰਘ ਸੋਮਾ, ਪਾਰਟੀ ਵਰਕਰ ਅਮਨ ਚੁੱਘੇ, ਜਲੌਰ ਸਿੰਘ ਜੰਗੀਰਾਣਾ, ਪਰਮਜੀਤ ਨੋਨੀ ਮਨਪ੍ਰੀਤ ਜੰਗੀਰਾਣਾ, ਦਿਲਪ੍ਰੀਤ ਸਿੰਘ ਜੰਗੀਰਾਣਾ ਅਤੇ ਜਗਮੀਤ ਸਿੰਘ ਝੁੰਬਾ ਆਦਿ ਹਾਜ਼ਰ ਸਨ।