ਮਾਨਸਾ, 29 ਜੁਲਾਈ (ਬਲਵਿੰਦਰ ਸਿੰਘ ਧਾਲੀਵਾਲ)- ਸਫ਼ਾਈ ਕਾਮਿਆਂ ਦੀ ਹੜਤਾਲ 22ਵੇਂ ਦਿਨ ਵੀ ਜਾਰੀ ਰਹੀ। ਜਥੇਬੰਦੀ ਦੇ ਸੂਬਾ ਆਗੂ ਸੰਜੀਵ ਕੁਮਾਰ ਰੱਤੀ, ਮੁੱਖ ਸਲਾਹਕਾਰ ਮੁਕੇਸ਼ ਕੁਮਾਰ ਰੱਤੀ ਨੇ ਦੋਸ਼ ਲਗਾਇਆ ਕਿ ਪੰਜਾਬ ਸਰਕਾਰ ਤੇ ਵਿਭਾਗ ਦੇ ਅਧਿਕਾਰੀ ਕਰਮਚਾਰੀਆਂ ਦੀਆਂ ਮੰਗਾਂ ਨੂੰ ਜਾਣਬੁੱਝ ਅਣਗੌਲਿਆ ਕਰ ਰਹੇ ਹਨ, ਜਿਸ ਕਰ ਕੇ ਰੋਸ ਵਧਦਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ 30 ਜੁਲਾਈ ਨੂੰ ਸਮੂਹ ਜਥੇਬੰਦੀਆਂ ਵਲੋਂ ਰੋਸ ਰੈਲੀ ਕੀਤੀ ਜਾਵੇਗੀ। ਉਨ੍ਹਾਂ ਮੰਗ ਕੀਤੀ ਕਿ ਕੱਚੇ ਕਰਮਚਾਰੀਆਂ ਨੂੰ ਪੱਕੇ ਕਰਨ ਦੇ ਨਾਲ ਹੀ ਬਕਾਇਆ ਡੀ. ਏ. ਤੁਰੰਤ ਅਦਾ ਕੀਤਾ ਜਾਵੇ ਅਤੇ ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇ। ਇਸ ਮੌਕੇ ਜ਼ਿਲ੍ਹਾ ਸਕੱਤਰ ਸੁਖਦੇਵ ਸਿੰਘ, ਰਾਜ ਕੁਮਾਰ, ਮਨੋਜ ਕੁਮਾਰ, ਵਿਨੋਦ ਕੁਮਾਰ ਚੇਤਨ, ਜਤਿੰਦਰ ਕੁਮਾਰ ਅਠਵਾਲ, ਮੁਨੀਸ਼ ਕੁਮਾਰ, ਪਵਨ ਟਾਂਕ ਆਦਿ ਸਨ। ਉੱਧਰ ਹੜਤਾਲ ਕਾਰਨ ਸ਼ਹਿਰ ‘ਚ ਥਾਂ-ਥਾਂ ਕੂੜੇ ਦੇ ਢੇਰ ਲੱਗੇ ਹੋਏ ਹਨ। ਅਜਿਹਾ ਹੋਣ ਕਾਰਨ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਬਰਸਾਤੀ ਮੌਸਮ ਦੇ ਚੱਲਦਿਆਂ ਬਿਮਾਰੀਆਂ ਫੈਲਣ ਦਾ ਖ਼ਦਸ਼ਾ ਵੀ ਬਣਿਆ ਹੋਇਆ ਹੈ, ਇਸ ਲਈ ਪੰਜਾਬ ਸਰਕਾਰ ਨੂੰ ਸਫ਼ਾਈ ਕਾਮਿਆਂ ਦੀਆਂ ਮੰਗਾਂ ਦਾ ਜਲਦ ਹੱਲ ਕਰਨਾ ਚਾਹੀਦਾ ਹੈ ਤਾਂ ਕਿ ਸ਼ਹਿਰ ਦੀ ਸਫ਼ਾਈ ਪ੍ਰਣਾਲੀ ਦਰੁਸਤ ਹੋ ਸਕੇ।