ਬੁਢਲਾਡਾ, 30 ਜੁਲਾਈ (ਸੁਨੀਲ ਮਨਚੰਦਾ)- ਸਥਾਨਕ ਮਨੂ ਵਾਟਿਕਾ ਸਕੂਲ ਦੇ ਖਿਡਾਰਨਾਂ ਨੇ ਜ਼ੋਨ ਪੱਧਰੀ ਬੈਡਮਿੰਟਨ ਮੁਕਾਬਲਿਆਂ ‘ਚ ਅੰਡਰ-14, 17, 19 ‘ਚ ਪਹਿਲਾ ਸਥਾਨ ਪ੍ਰਾਪਤ ਕਰ ਕੇ ਸੋਨ ਤਗਮੇ ਜਿੱਤੇ ਹਨ। ਕੋਚ ਜਸਵੀਰ ਸਿੰਘ ਨੇ ਦੱਸਿਆ ਕਿ ਮਨੂ ਵਾਟਿਕਾ ਸਕੂਲ ਦੀਆਂ ਖਿਡਾਰਨਾਂ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ। ਸਕੂਲ ਦੇ ਚੇਅਰਮੈਨ ਭਾਰਤ ਭੂਸ਼ਨ ਸਰਾਫ ਨੇ ਜੇਤੂਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਜਿੱਤ ਦਾ ਸਿਹਰਾ ਕੋਚ ਦੀ ਸਖ਼ਤ ਮਿਹਨਤ ਅਤੇ ਖਿਡਾਰਨਾਂ ਦੀ ਲਗਨ ਦਾ ਨਤੀਜਾ ਹੈ। ਪ੍ਰਿੰਸੀਪਲ ਸਤੀਸ਼ ਸਿੰਗਲਾ, ਪ੍ਰਿੰਸੀਪਲ ਮਨੂ ਤ੍ਰਿਵੇਦੀ, ਪ੍ਰਿੰਸੀਪਲ ਉਮੇਸ਼ ਗਰਗ ਨੇ ਕਿਹਾ ਕਿ ਸਕੂਲ ‘ਚ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ‘ਚ ਰੁਚੀ ਲਈ ਵੀ ਵਿਸ਼ੇਸ਼ ਧਿਆਨ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਅਜੋਕੇ ਯੁੱਗ ‘ਚ ਵਿਦਿਆਰਥੀਆਂ ਨੂੰ ਫਿਜ਼ੀਕਲ ਖੇਡਾਂ ‘ਚ ਭਾਗ ਲੈਣਾ ਚਾਹੀਦਾ ਹੈ, ਜਿਸ ਨਾਲ ਜਿੱਥੇ ਉਨ੍ਹਾਂ ਦੀ ਸਰੀਰਕ ਕਸਰਤ ਹੁੰਦੀ ਹੈ ਉੱਥੇ ਉਨ੍ਹਾਂ ‘ਚ ਮੁਕਾਬਲੇ ਦੀ ਭਾਵਨਾ ਵੀ ਪੈਦਾ ਹੁੰਦੀ ਹੈ। ਉਨ੍ਹਾਂ ਕਿਹਾ ਕਿ ਹੁਣ ਇਹ ਖਿਡਾਰਨਾਂ ਜ਼ਿਲ੍ਹਾ ਪੱਧਰੀ ਖੇਡਾਂ ‘ਚ ਹਿੱਸਾ ਲੈਣਗੀਆਂ।