ਇਕ ਨਜ਼ਰ ਏਧਰ ਵੀ..... ਟਰੈਫ਼ਿਕ ਸਮੱਸਿਆ ਨਾਲ ਜੂਝ ਰਹੇ ਨੇ ਮਾਨਸਾ ਸ਼ਹਿਰ ਵਾਸੀ
ਅਜੀਤ ਡੈਸਕ
01-08-2026
ਮਾਨਸਾ, 31 ਜੁਲਾਈ- ਮਾਨਸਾ ਸ਼ਹਿਰ ‘ਚ ਟਰੈਫ਼ਿਕ ਸਮੱਸਿਆ ਲਗਾਤਾਰ ਗੰਭੀਰ ਹੁੰਦੀ ਜਾ ਰਹੀ ਹੈ ਪਰ ਪ੍ਰਸ਼ਾਸਨ ਵਲੋਂ ਨਿਜਾਤ ਲਈ ਠੋਸ ਕਦਮ ਨਹੀਂ ਉਠਾਏ ਜਾ ਰਹੇ। ਨਿੱਤ ਰੋਜ਼ ਫਾਟਕ ਨਜ਼ਦੀਕ ਤਾਂ ਜਾਮ ਤਾਂ ਲੱਗਦਾ ਹੀ ਹੈ ਜਦਕਿ ਗਊਸ਼ਾਲਾ ਰੋਡ, ਮੁੱਖ ਬਾਜ਼ਾਰ ਤੋਂ ਇਲਾਵਾ ਸਿਵਲ ਹਸਪਤਾਲ ਕੋਲ ਦਿਨ ਵੇਲੇ ਐਨੀ ਭੀੜ ਹੋ ਜਾਂਦੀ ਹੈ ਕਿ ਲੰਘਣਾ ਵੀ ਮੁਸ਼ਕਿਲ ਹੋ ਜਾਂਦਾ ਹੈ। ਸਕੂਲੀ ਬੱਚਿਆਂ, ਬਜ਼ੁਰਗਾਂ ਅਤੇ ਮਰੀਜ਼ਾਂ ਨੂੰ ਟਰੈਫ਼ਿਕ ਨਾਲ ਦੋ-ਚਾਰ ਹੋਣਾ ਪੈਂਦਾ ਹੈ। ਦੱਸਣਾ ਬਣਦਾ ਹੈ ਕਿ ਦਿੱਲੀ-ਬਠਿੰਡਾ ਰੇਲਵੇ ਲਾਈਨ ਸ਼ਹਿਰ ਨੂੰ 2 ਹਿੱਸਿਆਂ ‘ਚ ਵੰਡਦੀ ਹੈ। ਇਕ ਪਾਸੇ ਸਿਵਲ ਤੇ ਜਨਾਨਾ ਹਸਪਤਾਲ, ਕਈ ਨਿੱਜੀ ਹਸਪਤਾਲ, ਮੁੱਖ ਡਾਕਘਰ, ਸਰਕਾਰੀ ਤੇ ਨਿੱਜੀ ਬੈਂਕ, ਲੜਕੇ ਅਤੇ ਲੜਕੀਆਂ ਦਾ ਸਰਕਾਰੀ ਸਕੂਲ, ਥਾਣਾ ਸ਼ਹਿਰੀ-1 ਅਤੇ ਮੁੱਖ ਬਾਜ਼ਾਰ ਪੈਂਦੇ ਹਨ। ਇਸ ਦੇ ਨਾਲ ਹੀ ਗੁਰਦੁਆਰਾ ਸਿੰਘ ਸਭਾ ਯਾਦਗਾਰ ਪਾਤਸ਼ਾਹੀ ਨੌਵੀਂ ਸਾਹਿਬ, ਲਕਸ਼ਮੀ ਨਰਾਇਣ ਮੰਦਰ ਆਦਿ ਵੀ ਸ਼ਹਿਰ ਦੇ ਇਸ ਹਿੱਸੇ ਵਿਚ ਸਥਿਤ ਹਨ। ਦੂਜੇ ਪਾਸੇ ਬੱਸ ਅੱਡਾ, ਜ਼ਿਲ੍ਹਾ ਕਚਹਿਰੀਆਂ, ਮਾਤਾ ਸੁੰਦਰੀ ਯੂਨੀਵਰਸਿਟੀ ਗਰਲਜ਼ ਕਾਲਜ, ਰਾਮਬਾਗ, ਗਾਂਧੀ ਸੀਨੀਅਰ ਸੈਕੰਡਰੀ ਸਕੂਲ, ਖ਼ਾਲਸਾ ਹਾਈ ਸਕੂਲ, ਰਮਨ ਸਿਨੇਮਾ ਮਾਰਕੀਟ ਅਤੇ ਦਫ਼ਤਰ ਨਗਰ ਕੌਂਸਲ ਆਦਿ ਸਥਿਤ ਹਨ। ਰਾਹਗੀਰਾਂ ਨੂੰ ਆਪਣੇ ਕੰਮਾਂ ਕਾਰਾ ਲਈ ਮੁੱਖ ਰੇਲਵੇ ਫਾਟਕ ਤੋਂ ਲੰਘ ਕੇ ਇਕ ਤੋਂ ਦੂਜੇ ਪਾਸੇ ਜਾਣਾ ਪੈਂਦਾ ਹੈ, ਜਿਸ ਕਾਰਨ ਰੇਲਵੇ ਫਾਟਕ ‘ਤੇ ਹਰ ਵੇਲੇ ਵੱਡੀ ਗਿਣਤੀ ‘ਚ ਵਹੀਕਲਾਂ ਅਤੇ ਲੋਕਾਂ ਦਾ ਮੇਲਾ ਲੱਗਿਆ ਰਹਿੰਦਾ ਹੈ। ਇਸ ਤੋਂ ਇਲਾਵਾ ਰੇਲਵੇ ਫਾਟਕ ਦੇ ਕੋਲ ਲੱਗਦੀ ਸਬਜ਼ੀ ਮੰਡੀ ਕਾਰਨ ਸ਼ਾਮ ਵੇਲੇ ਭੀੜ ਭੜੱਕਾ ਬੇਹੱਦ ਵਧ ਜਾਂਦਾ ਹੈ। ਭਾਵੇਂ ਰੇਲਵੇ ਫਾਟਕ ਕੋਲ ਟਰੈਫ਼ਿਕ ਸਮੱਸਿਆ ਨੂੰ ਹੱਲ ਕਰਨ ਲਈ ਅੰਡਰ ਬ੍ਰਿਜ ਦਾ ਨਿਰਮਾਣ ਕੀਤਾ ਗਿਆ ਸੀ ਪਰ ਆਬਾਦੀ ਵਧਣ ਅਤੇ ਆਮ ਲੋਕਾਂ ਵਲੋਂ ਇਸ ਰਸਤੇ ਦੀ ਘੱਟ ਹੀ ਵਰਤੋਂ ਕਰਨ ਕਰ ਕੇ ਇਹ ਲਾਭਦਾਇਕ ਸਾਬਤ ਨਹੀਂ ਹੋ ਸਕਿਆ।
ਕਈ ਹਿੱਸਿਆ ’ਚ ਰਹਿੰਦੀ ਹੈ ਖਚਾਖਚ ਭੀੜ
ਦੁਕਾਨਦਾਰਾਂ ਵਲੋਂ ਕੀਤੇ ਨਜਾਇਜ਼ ਕਬਜ਼ਿਆਂ ਕਾਰਨ ਸ਼ਹਿਰ ਦੇ ਕਈ ਹਿੱਸਿਆਂ ‘ਚ ਸਾਰਾ ਦਿਨ ਖਚਾਖਚ ਭੀੜ ਰਹਿੰਦੀ ਹੈ। ਬਹੁਤ ਸਾਰੇ ਦੁਕਾਨਦਾਰਾਂ ਨੇ ਆਪਣੀ ਹਦੂਦ ਤੋਂ ਬਾਹਰ ਜਾ ਕੇ ਸੜਕ ‘ਤੇ ਸਮਾਨ ਰੱਖਿਆ ਜਾਂਦਾ ਹੈ, ਜਿਸ ਨਾਲ ਰਸਤਾ ਤੰਗ ਹੋ ਜਾਂਦਾ ਹੈ। ਮੁੱਖ ਬੱਸ ਅੱਡਾ ਦੇ ਨੇੜੇ ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਚੌਂਕ ਕੋਲ ਆਟੋ, ਈ-ਰਿਕਸ਼ਾ ਅਤੇ ਹੋਰ ਵਹੀਕਲਾਂ ਦੇ ਖੜਨ ਕਰ ਕੇ ਸਥਿਤੀ ਜਾਮ ਵਰਗੀ ਹੋ ਜਾਂਦੀ ਹੈ। ਬਿਜਲੀ ਬੋਰਡ ਦਫ਼ਤਰ ਕੋਲ ਫਲਾਂ ਤੇ ਸਬਜ਼ੀਆਂ ਦੀਆਂ ਲਗਦੀਆਂ ਰੇਹੜੀਆਂ ਕਾਰਨ ਵੀ ਟਰੈਫ਼ਿਕ ‘ਚ ਵਿਘਨ ਪੈ ਰਿਹਾ ਹੈ। ਵਨ-ਵੇ ਟਰੈਫ਼ਿਕ ਰੋਡ ‘ਤੇ ਦਿਨ ‘ਚ 2-4 ਵਾਰ ਵਹੀਕਲਾਂ ਦੀਆਂ ਲੰਬੀਆਂ ਕਤਾਰਾਂ ਜ਼ਰੂਰ ਲਗਦੀਆਂ ਹਨ।
ਕਚਹਿਰੀ ਰੋਡ ’ਤੇ ਨਜਾਇਜ਼ ਕਬਜ਼ੇ ਵਧਣ ਲੱਗੇ
ਬੱਸ ਸਟੈਂਡ ਤੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤੇ ਕਚਹਿਰੀ ਨੂੰ ਜਾਂਦੀ ਮੁੱਖ ਸੜਕ ‘ਤੇ ਮਾਤਾ ਸੁੰਦਰੀ ਯੂਨੀਵਰਸਿਟੀ ਗਰਲਜ਼ ਕਾਲਜ ਤੋਂ ਅੱਗੇ ਤੱਕ ਸੜਕ ਦੇ ਦੋਵੇਂ ਪਾਸੇ ਸਬਜ਼ੀ, ਫਾਸਟ ਫੂਡ ਵੇਚਣ ਵਾਲਿਆਂ ਨੇ ਫੁੱਟਪਾਥ ‘ਤੇ ਪੱਕੀਆਂ ਫੜੀਆਂ ਅਤੇ ਰੇਹੜੀਆਂ ਲਗਾਈਆਂ ਹੋਈਆਂ ਹਨ। ਇਸ ਸੜਕ ਤੋਂ ਆਲਾ ਅਫ਼ਸਰਾਂ ਦੇ ਨਾਲ ਹੀ ਆਮ ਲੋਕਾਂ ਗੁਜ਼ਰਦੇ ਹਨ ਅਤੇ ਪਿੰਡ ਦੇ ਬਹੁਤੇ ਵਾਸੀ ਪੈਦਲ ਹੀ ਇਸ ਰਸਤੇ ਰਾਹੀਂ ਕਚਹਿਰੀ ਤੇ ਹੋਰ ਸਰਕਾਰੀ ਦਫ਼ਤਰਾਂ ਨੂੰ ਜਾਂਦੇ ਹਨ ਪਰ ਨਜਾਇਜ਼ ਕਬਜ਼ਿਆਂ ਅਤੇ ਵਹੀਕਲਾਂ ਦੇ ਆਉਣ-ਜਾਣ ਕਾਰਨ ਸੜਕ ‘ਤੇ ਤੁਰਨਾ ਵੀ ਔਖਾ ਹੋ ਜਾਂਦਾ ਹੈ।
ਟਰੈਫ਼ਿਕ ਸਮੱਸਿਆ ਹੱਲ ਕਰਨ ਦੀ ਮੰਗ
ਵੱਖ-ਵੱਖ ਜਨਤਕ ਜਥੇਬੰਦੀਆਂ ਦੇ ਆਗੂਆਂ ਅਤੇ ਆਮ ਲੋਕਾਂ ਨੇ ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਟਰੈਫ਼ਿਕ ਸਮੱਸਿਆ ਤੋਂ ਨਿਜਾਤ ਲਈ ਠੋਸ ਨੀਤੀ ਬਣਾਈ ਜਾਵੇ ਤਾਂ ਜੋ ਰਾਹਗੀਰਾਂ ਨੂੰ ਆਉਣ-ਜਾਣ ‘ਚ ਮੁਸ਼ਕਿਲ ਪੇਸ਼ ਨਾ ਆਵੇ।