ਨਡਾਲਾ, 2 ਜਨਵਰੀ (ਰਘਬਿੰਦਰ ਸਿੰਘ)-ਥਾਣਾ ਢਿਲਵਾਂ ਦੇ ਪਿੰਡ ਚੱਕੋਕੀ ਵਿਚ ਇਕ ਚੋਰ ਨੇ ਚੋਰੀ ਦੀ ਨੀਅਤ ਨਾਲ ਰਾਤ ਸਮੇਂ ਇੱਕ ਘਰ ਵਿਚ ਦਾਖਲ ਹੋਣ ਦੀ ਪੁਰਜ਼ੋਰ ਕੋਸ਼ਿਸ਼ ਕੀਤੀ ਪਰ ਘਰ ਵਾਲਿਆਂ ਵੱਲੋਂ ਰੌਲਾ ਪਾਉਣ 'ਤੇ ਚੋਰ ਮੌਕੇ ਤੋਂ ਭੱਜ ਗਿਆ ਜਿਸ ਦੀਆਂ ਤਸਵੀਰਾਂ ਉਨ੍ਹਾਂ ਦੇ ਘਰ 'ਚ ਲੱਗੇ ਸੀ.ਸੀ.ਟੀ.ਵੀ. 'ਚ ਕੈਦ ਹੋ ਗਈਆਂ | ਜਸਕਮਲਜੀਤ ਕੌਰ ਪਤਨੀ ਗੁਰਦੀਪ ਸਿੰਘ ਵਾਸੀ ਚੱਕੋਕੀ ਨੇ ਦੱਸਿਆ ਕਿ ਉਸ ਦਾ ਪਤੀ ਤੇ ਬੱਚੇ ਵਿਦੇਸ਼ ਵਿਚ ਹਨ ਤੇ ਰਾਤ ਸਮੇਂ ਇਕੱਲੀ ਹੋਣ ਕਰਕੇ ਉਸ ਕੋਲ ਜਠਾਣੀ ਜਾਂ ਘਰ 'ਚ ਕੰਮ ਕਰਦੀ ਕੰਮਵਾਲੀ ਹੁੰਦੀ ਹੈ ਤੇ ਬੀਤੀ ਰਾਤ ਉਹ ਸੁੱਤੇ ਹੋਏ ਸਨ ਕਿ ਦੇਰ ਰਾਤ 11:30 ਵਜੇ ਛੱਤ ਉੱਪਰ ਖੜਾਕਾ ਹੋਣ ਲੱਗਾ ਤੇ ਸਾਡੀ ਅੱਖ ਖੁੱਲ੍ਹ ਗਈ ਤੇ ਅਸੀਂ ਇਕੱਲੇ ਹੋਣ ਕਰ ਕੇ ਅਸੀਂ ਡਰ ਗਏ ਤੇ ਵੇਖਿਆ ਕਿ ਇਕ ਚੋਰ ਉਨ੍ਹਾਂ ਦੇ ਘਰ ਵਿਚ ਘੁੰਮ ਰਿਹਾ ਤੇ ਇਕੱਲਾ ਹੀ ਗੱਲਾਂ ਕਰ ਰਿਹਾ ਹੈ ਜਦੋਂ ਅਸੀਂ ਕੋਠੇ ਚੜ੍ਹ ਕੇ ਰੌਲਾ ਪਾਇਆ ਤਾਂ ਉਹ ਹਨੇਰੇ ਦਾ ਫ਼ਾਇਦਾ ਚੁੱਕ ਕੇ ਭੱਜ ਗਿਆ ਤੇ ਉਸਦੀਆਂ ਤਸਵੀਰਾਂ ਕੈਮਰੇ 'ਚ ਕੈਦ ਹੋ ਗਈਆਂ ਹਨ ਜਿਸ ਸੰਬੰਧੀ ਉਨ੍ਹਾਂ ਥਾਣਾ ਢਿਲਵਾਂ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ ਤੇ ਉਨ੍ਹਾਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਅਜਿਹੇ ਚੋਰਾਂ ਨੂੰ ਕਾਬੂ ਕਰਕੇ ਜੇਲ੍ਹ ਵਿਚ ਸੁੱਟਿਆ ਜਾਵੇ | ਇਸ ਸੰਬੰਧੀ ਥਾਣਾ ਮੁਖੀ ਢਿਲਵਾਂ ਦਲਵਿੰਦਰਬੀਰ ਨੇ ਦੱਸਿਆ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ 'ਚ ਹੈ ਤੇ ਪੁਲਿਸ ਤਫ਼ਤੀਸ਼ 'ਚ ਜੁਟੀ ਹੋਈ ਹੈ |