ਫਗਵਾੜਾ, 2 ਜਨਵਰੀ (ਹਰਜੋਤ ਸਿੰਘ ਚਾਨਾ)- ਇੱਥੋਂ ਦੇ ਪ੍ਰੇਮਪੁਰਾ 'ਚ ਲਗਾਏ ਗਏ ਲੰਗਰ ਦੌਰਾਨ ਨੌਜਵਾਨਾਂ ਦੀ ਤਕਰਾਰ ਖੂਨੀ ਝੜਪ 'ਚ ਤਬਦੀਲ ਹੋ ਗਈ | ਇਸ ਲੜਾਈ ਝਗੜੇ 'ਚ ਤਿੰਨ ਨੌਜਵਾਨ ਗੰਭੀਰ ਰੂਪ 'ਚ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਤੁਰੰਤ ਸਿਵਲ ਹਸਪਤਾਲ ਫਗਵਾੜਾ ਵਿਖੇ ਦਾਖਲ ਕਰਵਾਇਆ ਗਿਆ | ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਪਹਿਲੀ ਧਿਰ ਦੇ ਚੰਦਨ ਘਈ ਨੇ ਦੱਸਿਆ ਕਿ ਉਹ ਮੁਹੱਲਾ ਪ੍ਰੇਮਪੁਰਾ ਦੇ ਰਹਿਣ ਵਾਲੇ ਹਨ | ਉਨ੍ਹਾਂ ਮੁਤਾਬਿਕ ਗਲੀ ਨੰਬਰ 5 ਦੇ ਬਾਹਰ ਲੰਗਰ ਲੱਗਾ ਹੋਇਆ ਸੀ ਤੇ ਉਹ ਉੱਥੇ ਲੰਗਰ ਛੱਕ ਰਹੇ ਸਨ | ਇਸ ਦੌਰਾਨ ਇੱਕ ਨੌਜਵਾਨ ਨੇ ਉਨ੍ਹਾਂ ਨੂੰ ਗੱਲਬਾਤ ਲਈ ਬੁਲਾਇਆ ਤੇ ਉਸਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ | ਚੰਦਨ ਘਈ ਨੇ ਦੋਸ਼ ਲਗਾਇਆ ਕਿ ਨੌਜਵਾਨਾਂ ਨੇ ਉਸ 'ਤੇ ਖੰਡਿਆਂ, ਕਿਰਪਾਨਾਂ ਤੇ ਕੜਿਆਂ ਨਾਲ ਹਮਲਾ ਕਰ ਦਿੱਤਾ ਜਿਸ ਕਾਰਨ ਉਹ ਤੇ ਉਸ ਦਾ ਭਰਾ ਦੀਪਕ ਗੰਭੀਰ ਤੌਰ 'ਤੇ ਜ਼ਖਮੀ ਹੋ ਗਏ | ਦੂਸਰੀ ਧਿਰ ਵਲੋਂ ਅਖਿਲ ਨੇ ਦੱਸਿਆ ਕਿ ਉਨ੍ਹਾਂ ਵਲੋਂ ਪ੍ਰੇਮਪੁਰਾ ਗਲੀ ਨੰਬਰ 5 ਦੇ ਬਾਹਰ ਲੰਗਰ ਲਗਾਇਆ ਗਿਆ ਸੀ ਤੇ ਉੱਥੇ ਸੇਵਾ ਕਰਨ ਲਈ ਗਿਆ ਹੋਇਆ ਸੀ ਇਸ ਦੌਰਾਨ ਇੱਕ ਨੌਜਵਾਨ ਉੱਥੇ ਆਇਆ ਤੇ ਉਸ ਨੂੰ ਆਪਣੇ ਕੋਲ ਆਉਣ ਲਈ ਕਹਿਣ ਲੱਗਾ | ਜਦੋਂ ਉਸ ਨੇ ਮਨ੍ਹਾ ਕੀਤਾ ਤਾਂ ਉਸ ਨੌਜਵਾਨ ਨੇ ਆਪਣੇ ਸਾਥੀਆਂ ਨੂੰ ਫ਼ੋਨ ਕਰਕੇ ਬੁਲਾ ਲਿਆ ਤੇ ਹੱਥੋਪਾਈ ਸ਼ੁਰੂ ਕਰ ਦਿੱਤੀ ਤੇ ਉਸ ਦੇ ਗੰਭੀਰ ਸੱਟਾਂ ਮਾਰੀਆਂ | ਉਨ੍ਹਾਂ ਕਿਹਾ ਕਿ ਹਮਲਾਵਰਾਂ ਨੇ ਉਸ ਦੇ ਘਰ ਦੇ ਬਾਹਰ ਗੇਟਾਂ 'ਤੇ ਵੀ ਹਥਿਆਰਾਂ ਨਾਲ ਵਾਰ ਕੀਤੇ | ਘਟਨਾ ਸੰਬੰਧੀ ਪੁਲੀਸ ਨੂੰ ਸੂਚਨਾ ਦਿੱਤੀ ਗਈ ਹੈ | ਸਿਵਲ ਹਸਪਤਾਲ 'ਚ ਐਮਰਜੈਂਸੀ ਡਿਊਟੀ 'ਤੇ ਤਾਇਨਾਤ ਡਾਕਟਰ ਨੇ ਦੱਸਿਆ ਕਿ ਤਿੰਨ ਨੌਜਵਾਨਾਂ ਨੂੰ ਜ਼ਖਮੀ ਹਾਲਤ 'ਚ ਹਸਪਤਾਲ ਲਿਆਂਦਾ ਗਿਆ ਸੀ, ਜਿਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ |