ਕਪੂਰਥਲਾ, 2 ਜਨਵਰੀ (ਅਮਰਜੀਤ ਸਿੰਘ ਸਡਾਨਾ)- ਕਪੂਰਥਲਾ ਸ਼ਹਿਰ ਦਾ ਟਰਾਂਸਪੋਰਟ ਵਿਭਾਗ ਕਿਸੇ ਨਾ ਕਿਸੇ ਕਾਰਨ ਕਰਕੇ ਚਰਚਾ ਵਿਚ ਬਣਿਆ ਰਹਿੰਦਾ, ਲੋਕਾਂ ਨੂੰ ਸਹੂਲਤ ਮਿਲਣ ਦੀ ਥਾਂ ਉਨ੍ਹਾਂ ਨੂੰ ਇਸ ਵਿਭਾਗ ਤੋਂ ਲਾਰੇ ਤੇ ਖੱਜਲ ਖ਼ੁਆਰੀ ਨਸੀਬ ਹੋ ਰਹੀ ਹੈ | ਬੀਤੇ ਕਰੀਬ 4 ਮਹੀਨਿਆਂ ਤੋਂ ਲੋਕਾਂ ਦੀਆਂ ਗੱਡੀਆਂ ਦੀ ਰਜਿਸਟਰੇਸ਼ਨ ਤੇ ਲਾਇਸੰਸ ਬਣਾਉਣ ਦਾ ਕੰਮ ਠੰਡੇ ਬਸਤੇ ਵਿਚ ਪਿਆ ਹੋਇਆ ਹੈ ਪਰ ਵਿਭਾਗ ਦੇ ਅਧਿਕਾਰੀ ਮੂਕ ਦਰਸ਼ਕ ਬਣੇ ਲੋਕਾਂ ਦੀਆਂ ਪ੍ਰੇਸ਼ਾਨੀਆਂ ਵਧਾ ਰਹੇ ਹਨ | ਇਸ ਸੰਬੰਧੀ ਰਾਹੁਲ ਕੁਮਾਰ, ਅਮਨਦੀਪ ਸਿੰਘ, ਵਿਵੇਕ ਕੁਮਾਰ ਆਦਿ ਨੇ ਦੱਸਿਆ ਕਿ ਬੀਤੇ 3-4 ਮਹੀਨਿਆਂ ਤੋਂ ਨਾ ਤਾਂ ਸਮੇਂ ਸਿਰ ਡਰਾਈਵਿੰਗ ਲਾਇਸੰਸ ਮਿਲ ਰਹੇ ਹਨ ਤੇ ਨਾ ਹੀ ਗੱਡੀਆਂ ਦੀਆਂ ਆਰ.ਸੀ. ਸਮੇਂ ਸਿਰ ਪ੍ਰਾਪਤ ਹੋ ਰਹੀਆਂ ਹਨ | ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਬੀਤੇ ਸਤੰਬਰ ਮਹੀਨੇ ਤੋਂ ਹੁਣ ਤੱਕ ਵੱਡੀ ਗਿਣਤੀ ਵਿਚ ਲਾਇਸੰਸ ਅਤੇ ਆਰ.ਸੀ. ਅਪਰੂਵਲ ਦੀਆਂ ਉਡੀਕ ਕਰ ਰਹੀਆਂ ਹਨ, ਜੇਕਰ ਇਨ੍ਹਾਂ ਦੀ ਗਿਣਤੀ ਦੀ ਗੱਲ ਕਰੀਏ ਤਾਂ ਇਹ ਹਜ਼ਾਰਾਂ ਵਿਚ ਪਹੁੰਚ ਜਾਂਦੀ ਹੈ ਪਰ ਸਬੰਧਿਤ ਅਧਿਕਾਰੀਆਂ ਪਾਸ ਇੰਨਾ ਵੀ ਸਮਾਂ ਨਹੀਂ ਕਿ ਉਹ ਸਮੇਂ ਸਿਰ ਆਰ.ਸੀ. ਤੇ ਲਾਇਸੰਸ ਅਪਰੂਵ ਕਰ ਦੇਣ ਤਾਂ ਜੋ ਲੋਕਾਂ ਨੂੰ ਸਮੇਂ ਸਿਰ ਉਨ੍ਹਾਂ ਦੇ ਵਾਹਨ ਦੇ ਕਾਗਜ਼ਾਤ ਮਿਲ ਸਕਣ | ਰੋਜ਼ਾਨਾ ਲੋਕ ਦਫ਼ਤਰਾਂ ਦੇ ਚੱਕਰ ਕੱਟ ਕੇ ਆਪਣੇ ਪੈਸੇ ਤੇ ਸਮੇਂ ਦੀ ਬਰਬਾਦੀ ਕਰ ਰਹੇ ਹਨ | ਚਾਰ-ਚਾਰ ਮਹੀਨੇ ਤੋਂ ਪੈਂਡਿੰਗ ਪਏ ਅਪਰੂਵਲਾਂ ਦੇ ਕੰਮ ਤੋਂ ਲੱਗਦਾ ਹੈ ਕਿ ਇਸ ਕੰਮ ਵਿਚੋਂ ਕਿਤੇ ਨਾ ਕਿਤੇ ਭਿ੍ਸ਼ਟਾਚਾਰ ਦੀ ਬਦਬੂ ਆ ਰਹੀ ਹੈ ਤੇ ਇਸੇ ਢਿੱਲੀ ਕਾਰਗੁਜ਼ਾਰੀ ਕਾਰਨ ਲੋਕ ਰਿਸ਼ਵਤ ਦੇ ਕੇ ਆਪਣਾ ਕੰਮ ਕਰਵਾਉਣ ਲਈ ਮਜਬੂਰ ਹੁੰਦੇ ਹਨ |