ਕਪੂਰਥਲਾ, 3 ਜਨਵਰੀ (ਸਡਾਨਾ)- ਬੀਤੇ ਦਿਨ ਮੁਹੱਲਾ ਸੀਨਪੁਰਾ ਦੇ ਇਕ ਘਰ ਅੰਦਰ ਦਾਖਲ ਹੋ ਕੇ ਔਰਤ ਦਾ ਗੋਲੀਆਂ ਮਾਰ ਕੇ ਕਤਲ ਕੀਤੇ ਜਾਣ ਦੇ ਮਾਮਲੇ ਵਿਚ ਸਿਟੀ ਪੁਲਿਸ ਨੇ ਦੋ ਅਣਪਛਾਤੇ ਮੋਟਰਸਾਈਕਲ ਸਵਾਰ ਨੌਜਵਾਨਾਂ ਵਿਰੁੱਧ ਕਤਲ ਤੇ ਅਸਲ੍ਹਾ ਐਕਟ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ ਤੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਹੈ | ਆਪਣੀ ਸ਼ਿਕਾਇਤ ਵਿਚ ਸੁਖਵੀਰ ਕੌਰ ਵਾਸੀ ਗੁਰੂ ਤੇਗ ਬਹਾਦਰ ਨਗਰ ਨੇ ਦੱਸਿਆ ਕਿ ਬੀਤੇ ਦਿਨ ਸ਼ਾਮ ਕਰੀਬ 4 ਵਜੇ ਦੋ ਅਣਪਛਾਤੇ ਮੋਟਰਸਾਈਕਲ ਸਵਾਰ ਨੌਜਵਾਨ ਆਏ ਤੇ ਉਨ੍ਹਾਂ ਨੇ ਹੇਮਪ੍ਰੀਤ ਕੌਰ ਉਰਫ਼ ਹੇਮਾ ਦੇ ਘਰ ਬਾਰੇ ਪੁੱਛਿਆ ਤੇ ਕੁੱਝ ਦੇਰ ਬਾਅਦ ਇਕ ਨੌਜਵਾਨ ਹੇਮਾ ਦੇ ਘਰ ਦੇ ਬਾਹਰ ਮੋਟਰਸਾਈਕਲ 'ਤੇ ਖੜ੍ਹਾ ਹੋ ਗਿਆ ਤੇ ਦੂਸਰਾ ਘਰ ਦੇ ਅੰਦਰ ਗਿਆ ਤੇ ਉਨ੍ਹਾਂ ਨੂੰ ਗੋਲੀ ਚੱਲਣ ਦੀ ਆਵਾਜ਼ ਆਈ | ਸ਼ਿਕਾਇਤਕਰਤਾ ਨੇ ਦੱਸਿਆ ਕਿ ਹਮਲਾਵਰਾਂ ਨੇ ਹਵਾ ਵਿਚ ਵੀ ਫਾਇਰ ਕੀਤੇ | ਦੋਵੇਂ ਨੌਜਵਾਨ ਗੋਲੀਆਂ ਚਲਾ ਕੇ ਫ਼ਰਾਰ ਹੋ ਗਏ, ਜਦੋਂ ਉਸ ਨੇ ਘਰ ਅੰਦਰ ਜਾ ਕੇ ਦੇਖਿਆ ਤਾਂ ਹੇਮਾ ਦੀ ਮੌਤ ਹੋ ਚੁੱਕੀ ਸੀ | ਸਿਟੀ ਪੁਲਿਸ ਨੇ ਘਟਨਾ ਸੰਬੰਧੀ ਸ਼ਿਕਾਇਤਕਰਤਾ ਦੇ ਬਿਆਨਾਂ ਤਹਿਤ ਕੇਸ ਦਰਜ ਕਰਨ ਉਪਰੰਤ ਘਟਨਾ ਦੀ ਵੱਖ-ਵੱਖ ਪਹਿਲੂਆਂ ਤੋਂ ਟੀਮਾਂ ਬਣਾ ਕੇ ਜਾਂਚ ਆਰੰਭ ਕਰ ਦਿੱਤੀ ਹੈ | ਵੱਖ-ਵੱਖ ਸਿਟੀ ਟੀਵੀ ਫੁਟੇਜ ਖੰਘਾਲਣ ਉਪਰੰਤ ਪੁਲਿਸ ਨੂੰ ਸ਼ੱਕੀ ਹਮਲਾਵਰਾਂ ਦੇ ਚਿਹਰਿਆਂ ਵਾਲੀ ਫੁਟੇਜ ਪ੍ਰਾਪਤ ਹੋ ਗਈ ਹੈ ਜਿਸ ਤੋਂ ਇਨ੍ਹਾਂ ਹਮਲਾਵਰਾਂ ਦੀ ਸ਼ਨਾਖ਼ਤ ਹੋਣੀ ਸੌਖੀ ਹੋ ਜਾਵੇਗੀ | ਇਹ ਵੀ ਪਤਾ ਲੱਗਾ ਹੈ ਕਿ ਪੁਲਿਸ ਮਿ੍ਤਕ ਦੇ ਮੋਬਾਈਲ ਫ਼ੋਨ ਨੂੰ ਵੀ ਖੰਘਾਲ ਰਹੀ ਹੈ ਤੇ ਉਸ ਤੋਂ ਵੀ ਕਈ ਤਰ੍ਹਾਂ ਦੇ ਖ਼ੁਲਾਸੇ ਹੋਣ ਦੀ ਸੰਭਾਵਨਾ ਹੈ | ਪੁਲਿਸ ਨੇ ਕੁੱਝ ਸ਼ੱਕੀ ਵਿਅਕਤੀਆਂ ਨੂੰ ਪੁੱਛਗਿੱਛ ਲਈ ਹਿਰਾਸਤ ਵਿਚ ਵੀ ਲਿਆ ਹੈ | ਇਸ ਸੰਬੰਧੀ ਡੀ.ਐਸ.ਪੀ. ਸਬ ਡਵੀਜ਼ਨ ਸ਼ੀਤਲ ਸਿੰਘ ਨਾਲ ਸੰਪਰਕ ਕਰਨ 'ਤੇ ਉਨ੍ਹਾਂ ਦੱਸਿਆ ਕਿ ਸੀ.ਸੀ.ਟੀ.ਵੀ. ਫੁਟੇਜ ਦੇ ਆਧਾਰ 'ਤੇ ਹਮਲਾਵਰਾਂ ਦੀ ਸ਼ਨਾਖ਼ਤ ਕਰਨ ਉਪਰੰਤ ਉਨ੍ਹਾਂ ਦੀ ਭਾਲ ਹੇਠ ਛਾਪੇਮਾਰੀ ਕੀਤੀ ਜਾ ਰਹੀ ਹੈ ਤੇ ਵੱਖ-ਵੱਖ ਤਕਨੀਕੀ ਪਹਿਲੂਆਂ ਨਾਲ ਮਾਮਲੇ ਦੀ ਜਾਂਚ ਕਰਦੇ ਹੋਏ ਜਲਦੀ ਹੀ ਇਸ ਨੂੰ ਹੱਲ ਕਰ ਲਿਆ ਜਾਵੇਗਾ |