ਡਡਵਿੰਡੀ, 3 ਜਨਵਰੀ (ਦਿਲਬਾਗ ਸਿੰਘ ਝੰਡ)- ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤੇ ਸਾਬਕਾ ਸਰਪੰਚ ਜਥੇਦਾਰ ਜਸਵੀਰ ਸਿੰਘ ਭੌਰ, ਸਰਪੰਚ ਹਰਜਿੰਦਰ ਸਿੰਘ ਮਨਿਆਲਾ ਤੇ ਸਰਪੰਚ ਅਵਤਾਰ ਸਿੰਘ ਭੌਰ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਵੱਲੋਂ 15 ਜਨਵਰੀ ਤੋਂ ਸੂਬੇ ਅੰਦਰ ਸ਼ੁਰੂ ਕੀਤੀ ਜਾ ਰਹੀ 10 ਲੱਖ ਰੁਪਏ ਤੱਕ ਦੀ ਮੁੱਖ ਮੰਤਰੀ ਸਿਹਤ ਯੋਜਨਾ ਪੰਜਾਬ ਦੇ ਲੋਕਾਂ ਲਈ ਵਰਦਾਨ ਸਾਬਿਤ ਹੋਵੇਗੀ | ਉਨ੍ਹਾਂ ਕਿਹਾ ਕਿ ਇਹ ਯੋਜਨਾ ਗ਼ਰੀਬ ਲੋਕਾਂ ਲਈ ਇਨੀ ਲਾਹੇਵੰਦ ਹੋਵੇਗੀ ਕਿ ਕੋਈ ਵੀ ਗ਼ਰੀਬ ਪਰਿਵਾਰ ਮਹਿੰਗਾ ਇਲਾਜ ਕਰਾਉਣ ਤੋਂ ਵਾਂਝਾ ਨਹੀਂ ਰਹੇਗਾ | ਉਨ੍ਹਾਂ ਦੱਸਿਆ ਕਿ ਇਸ ਯੋਜਨਾ ਦਾ ਲਾਭ ਲੈਣ ਲਈ ਕੋਈ ਵੀ ਪੰਜਾਬ ਵਾਸੀ ਆਪਣਾ ਆਧਾਰ ਕਾਰਡ ਤੇ ਵੋਟਰ ਕਾਰਡ ਦੇ ਕੇ ਹੀ ਨਾਂਮਾਂਕਣ ਕਰਵਾ ਸਕਦਾ ਹੈ | ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਸ਼ੁਰੂ ਕੀਤੀ ਜਾ ਰਹੀ ਇਸ ਯੋਜਨਾ ਤਹਿਤ ਸਰਕਾਰੀ ਹਸਪਤਾਲਾਂ ਤੋਂ ਇਲਾਵਾ ਸੂਬੇ ਦੇ 600 ਨਿੱਜੀ ਹਸਪਤਾਲਾਂ 'ਚ ਵੀ ਗ਼ਰੀਬ ਪਰਿਵਾਰ ਇਲਾਜ ਕਰਵਾ ਸਕਣਗੇ | ਉਨ੍ਹਾਂ ਅਪੀਲ ਕੀਤੀ ਕਿ ਕੋਈ ਵੀ ਇਲਾਕਾ ਨਿਵਾਸੀ ਆਪਣਾ ਮੁੱਖ ਮੰਤਰੀ ਸਿਹਤ ਯੋਜਨਾ ਦਾ ਕਾਰਡ ਬਣਾਉਣ ਤੋਂ ਵਾਂਝਾ ਨਾ ਰਹੇ |