ਗੁਰਾਇਆ, 3 ਜਨਵਰੀ (ਚਰਨਜੀਤ ਸਿੰਘ ਦੁਸਾਂਝ)- ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਸਰਕਾਰੀ ਕੰਨਿਆ ਪ੍ਰਾਇਮਰੀ ਸਮਾਰਟ ਸਕੂਲ ਗੁਰਾਇਆਂ ਨੂੰ ਸ਼ਾਨਦਾਰ ਅਕਾਦਮਿਕ ਨਤੀਜਿਆਂ, ਵਿਦਿਆਰਥਣਾਂ ਦੀ ਸਰਵਪੱਖੀ ਵਿਕਾਸ ਪ੍ਰਗਤੀ, ਅਨੁਸ਼ਾਸਿਤ ਵਾਤਾਵਰਨ ਤੇ ਨਵੀਨਤਮ ਸਿੱਖਿਅਕ ਅਭਿਆਸਾਂ ਲਈ ਬੈਸਟ ਸਕੂਲ ਐਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ | ਇਸ ਸੰਬੰਧੀ ਸਕੱਤਰ ਸਿੱਖਿਆ ਮੈਡਮ ਸ਼੍ਰੀਮਤੀ ਅਨੰਦਿਤਾ ਮਿੱਤਰਾ ਦੀ ਅਗਵਾਈ ਹੇਠ ਆਈ ਟੀਮ ਵੱਲੋਂ ਸਕੂਲ ਦਾ ਦੌਰਾ ਕੀਤਾ ਗਿਆ | ਦੌਰੇ ਦੌਰਾਨ ਸਕੂਲ ਵਿੱਚ ਆਈ. ਸੀ. ਟੀ. ਦੀ ਪ੍ਰਭਾਵਸ਼ਾਲੀ ਵਰਤੋਂ, ਸਮਾਰਟ ਕਲਾਸਰੂਮ ਪ੍ਰਣਾਲੀ, ਵਾਤਾਵਰਨ ਦੀ ਸੰਭਾਲ, ਕੰਪਿਊਟਰ ਸਿੱਖਿਆ, ਗ੍ਰੀਨ ਸਕੂਲ ਪ੍ਰੋਗਰਾਮ, ਸਵੱਛ ਭਾਰਤ ਅਭਿਆਨ, ਵਾਧੂ ਗਤੀਵਿਧੀਆਂ, ਪੰਜਾਬ ਰਾਜ ਸਕੂਲ ਪੱਧਰੀ ਖੇਡਾਂ ਵਿੱਚ ਵਿਦਿਆਰਥਣਾਂ ਦੀ ਸ਼ਾਨਦਾਰ ਤੇ ਸਰਗਰਮ ਭਾਗੀਦਾਰੀ ਦੀ ਖ਼ਾਸ ਤੌਰ 'ਤੇ ਪ੍ਰਸ਼ੰਸਾ ਕੀਤੀ ਗਈ | ਸਕੂਲ ਦੀ ਇਸ ਮਹੱਤਵਪੂਰਨ ਉਪਲੱਬਧੀ ਦਾ ਸਿਹਰਾ ਸਕੂਲ ਮੁਖੀ ਮੈਡਮ ਅੰਜੂ ਬਾਲਾ ਸਟੇਟ ਅਵਾਰਡੀ ਦੀ ਦੂਰਦਰਸ਼ੀ ਅਗਵਾਈ, ਪ੍ਰਭਾਵਸ਼ਾਲੀ ਪ੍ਰਬੰਧਨ ਤੇ ਟੀਮ ਵਰਕ ਨੂੰ ਜਾਂਦਾ ਹੈ, ਜਿਨ੍ਹਾਂ ਦੀ ਰਹਿਨੁਮਾਈ ਹੇਠ ਸਕੂਲ ਨੇ ਸਿੱਖਿਆ ਦੇ ਖੇਤਰ ਵਿੱਚ ਨਿਰੰਤਰ ਉੱਚ ਮਿਆਰ ਕਾਇਮ ਕੀਤਾ ਹੈ | ਇਸ ਮੌਕੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਮੈਡਮ ਹਰਜਿੰਦਰ ਕੌਰ ਵੱਲੋਂ ਸਕੂਲ ਦੀ ਕਾਰਗੁਜ਼ਾਰੀ, ਅਨੁਸ਼ਾਸਨ ਤੇ ਸਿੱਖਿਕ ਨਵੀਨਤਾਵਾਂ ਦੀ ਭਰਪੂਰ ਸਰਾਹਨਾ ਕੀਤੀ ਗਈ ਤੇ ਸਮੂਹ ਸਕੂਲ ਟੀਮ ਨੂੰ ਭਵਿੱਖ ਵਿੱਚ ਵੀ ਇਸੇ ਸਮਰਪਣ ਨਾਲ ਕੰਮ ਕਰਨ ਲਈ ਉਤਸਾਹਿਤ ਕੀਤਾ ਗਿਆ | ਸਕੂਲ ਮੈਨੇਜਮੈਂਟ ਕਮੇਟੀ ਸਕੂਲ ਸਟਾਫ਼, ਵਿਦਿਆਰਥਣਾਂ ਤੇ ਮਾਪਿਆਂ ਵੱਲੋਂ ਇਸ ਸਨਮਾਨ 'ਤੇ ਖੁਸ਼ੀ ਪ੍ਰਗਟ ਕਰਦਿਆਂ ਸਿੱਖਿਆ ਵਿਭਾਗ ਦਾ ਦਿਲੋਂ ਧੰਨਵਾਦ ਕੀਤਾ ਗਿਆ |