ਡਡਵਿੰਡੀ, 3 ਜਨਵਰੀ (ਦਿਲਬਾਗ ਸਿੰਘ ਝੰਡ)- ਗੁਰੂ ਨਾਨਕ ਮੋਦੀਖਾਨਾ ਚੈਰੀਟੇਬਲ ਟਰੱਸਟ ਲੋਹੀਆਂ ਵਲੋਂ ਗੁਰਦੁਆਰਾ ਸਿੱਖ ਸੈਂਟਰ ਆਫ਼ ਸਿਆਟਲ ਅਮਰੀਕਾ ਤੇ ਸੋਚ ਸੈਂਟਰ ਸਿਆਟਲ ਅਮਰੀਕਾ ਦੇ ਸਹਿਯੋਗ ਨਾਲ ਸੁਲਤਾਨਪੁਰ ਲੋਧੀ ਦੇ ਪਿੰਡ ਬਾਊਪੁਰ ਕਦੀਮ ਦੇ ਇਕ ਹੜ੍ਹ ਪ੍ਰਭਾਵਿਤ ਪਰਿਵਾਰ ਦੇ ਮਕਾਨ ਦੀ ਉਸਾਰੀ ਦਾ ਕੰਮ ਸ਼ੁਰੂ ਕਰਵਾਇਆ ਗਿਆ | ਜ਼ਿਕਰਯੋਗ ਹੈ ਕਿ ਅਗਸਤ 2025 ਦੌਰਾਨ ਮੰਡ ਇਲਾਕੇ ਵਿਚ ਆਏ ਹੜ੍ਹਾਂ ਦੌਰਾਨ ਜਿੱਥੇ ਫ਼ਸਲਾਂ ਦਾ ਭਾਰੀ ਨੁਕਸਾਨ ਹੋਇਆ ਸੀ ਉੱਥੇ ਵੱਖ-ਵੱਖ ਲੋਕਾਂ ਦੇ ਮਕਾਨ ਢਹਿ ਢੇਰੀ ਹੋ ਗਏ ਹਨ ਸਨ | ਉਨ੍ਹਾਂ ਵਿਚੋਂ ਬਾਊ ਬਜ਼ੁਰਗ ਕਦੀਮ ਦੇ ਵਾਸੀ ਸੁਖਵਿੰਦਰ ਸਿੰਘ ਸਪੁੱਤਰ ਕਿਸ਼ਨ ਸਿੰਘ ਦੇ ਪਰਿਵਾਰ ਦਾ ਮਕਾਨ ਵੀ ਬੂਰੀ ਤਰ੍ਹਾਂ ਨੁਕਸਾਨਿਆਂ ਗਿਆ ਸੀ | ਉਨ੍ਹਾਂ ਦੇ ਪੁਰਾਣੇ ਮਕਾਨ 'ਚ ਹੜ੍ਹਾਂ ਕਾਰਨ ਤਰੇੜਾਂ ਪਾਟ ਚੁੱਕੀਆਂ ਸਨ ਤੇ ਬੇਹੱਦ ਖਸਤਾ ਹਾਲ ਮਕਾਨ ਨੂੰ ਢਾਹ ਕੇ ਨਵਾਂ ਬਣਾਏ ਜਾਣ ਦਾ ਕੰਮ ਸ਼ੁਰੂ ਕਰਵਾਇਆ ਗਿਆ ਹੈ | ਸਤਿੰਦਰ ਸਿੰਘ ਖ਼ਾਲਸਾ, ਦਵਿੰਦਰ ਸਿੰਘ ਦੇਵਗਨ ਤੇ ਤਲਵਿੰਦਰ ਸਿੰਘ ਕੰਗ ਨੇ ਦੱਸਿਆ ਕਿ ਮਕਾਨ ਦੀ ਨੀਂਹ ਲੌਂਗੋਵਾਲ ਇੰਜੀਨੀਅਰਿੰਗ ਕਾਲਜ ਦੇ 1996 ਬੈਚ ਦੇ ਵਿਦਿਆਰਥੀਆਂ ਦੇ ਗਰੁੱਪ 'ਚੋਂ ਜੈਨੇਂਦਰ ਪ੍ਰਾਸ਼ਰ ਗੋਲਡੀ (ਨਾਰਵੇ) ਤੇ ਸੌਰਭ ਸੂਦ ਨੇ ਸਾਂਝੇ ਤੌਰ 'ਤੇ ਰੱਖੀ | ਉਨ੍ਹਾਂ ਦੱਸਿਆ ਕਿ 1996 ਦੌਰਾਨ ਲੌਂਗੋਵਾਲ ਕਾਲਜ ਵਿਚ ਇਕੱਠੇ ਪੜ੍ਹੇ ਇਸ ਗਰੁੱਪ ਦੇ ਵਿਦਿਆਰਥੀਆਂ ਵਲੋਂ ਅਗਸਤ 2025 ਵਿਚ ਟਰੱਸਟ ਨੂੰ ਹੜ੍ਹ ਪੀੜਤਾਂ ਦੀ ਮਦਦ ਲਈ ਵੱਡਾ ਆਰਥਿਕ ਯੋਗਦਾਨ ਦਿੱਤਾ ਗਿਆ ਸੀ | ਉਨ੍ਹਾਂ ਦੱਸਿਆ ਕਿ ਇਸ ਮਦਦ ਨਾਲ਼ ਹੀ ਮਕਾਨ ਦੀ ਉਸਾਰੀ ਕੀਤੀ ਜਾ ਰਹੀ ਹੈ ਜਿਸ ਵਿਚ ਇੱਕ ਰਸੋਈ ਤੇ ਦੋ ਰਹਾਇਸ਼ੀ ਕਮਰੇ ਹੋਣਗੇ, ਬਣਾਏ ਜਾ ਰਹੇ ਹਨ | ਇਸ ਮੌਕੇ ਲੋੜਵੰਦ ਪਰਿਵਾਰ ਦੇ ਮੈਂਬਰਾਂ ਤੋਂ ਇਲਾਵਾ ਸਰਪੰਚ ਪਰਮਜੀਤ ਸਿੰਘ ਬਾਊਪੁਰ, ਹਰਜਿੰਦਰ ਸਿੰਘ ਤੇ ਹਰਬੇਲ ਸਿੰਘ ਆਦਿ ਹਾਜ਼ਰ ਸਨ |