ਫਗਵਾੜਾ, 5 ਜਨਵਰੀ (ਅਸ਼ੋਕ ਕੁਮਾਰ ਵਾਲੀਆ)-ਪੰਜਾਬੀ ਕਾਲਮਨਵੀਸ ਪੱਤਰਕਾਰ ਮੰਚ ਦੇ ਪੰਜਾਬ ਦੇ ਪ੍ਰਧਾਨ ਗੁਰਮੀਤ ਪਲਾਹੀ, ਜਨਰਲ ਸਕੱਤਰ ਗੁਰਚਰਨ ਨੂਰਪੁਰ ਵਿੱਤ ਸਕੱਤਰ ਦੀਦਾਰ ਸ਼ੇਤਰਾ, ਮੀਤ ਪ੍ਰਧਾਨ ਗਿਆਨ ਸਿੰਘ ਰਿਟਾਇਰ ਡੀ.ਪੀ.ਆਰ.ਓ., ਡਾ. ਚਰਨਜੀਤ ਸਿੰਘ ਗੁਮਟਾਲਾ ਤੇ ਰਵਿੰਦਰ ਚੋਟ ਆਦਿ ਮੈਂਬਰਾਂ ਤੇ ਅਹੁਦੇਦਾਰਾਂ ਨੇ ਪੈੱ੍ਰਸ ਨੋਟ ਜਾਰੀ ਕਰਦਿਆਂ ਕਿਹਾ ਕਿ ਪਿਛਲੇ ਦਿਨੀਂ ਸਰਕਾਰ ਵਲੋਂ ਪੱਤਰਕਾਰ ਮਨਿੰਦਰਜੀਤ ਸਿੱਧੂ, ਮਿੰਟੂ ਗੁਰੂਸਰੀਆ ਤੇ ਆਰ.ਟੀ.ਆਈ. ਕਾਰਕੁੰਨ ਮਨਕਿਤ ਗੋਇਲ ਵਲੋਂ ਸਰਕਾਰ ਨੂੰ ਹੈਲੀਕਾਪਟਰ ਮਾਮਲੇ 'ਤੇ ਸਵਾਲ ਪੁੱਛੇ ਜਾਣ 'ਤੇ ਕੇਸ ਦਰਜ ਕੀਤੇ ਗਏ | ਇਸ ਦੀ ਨਿਖੇਧੀ ਕਰਦਿਆਂ ਕਾਲਮਨਵੀਸ ਮੰਚ ਦੇ ਆਗੂਆਂ ਨੇ ਕਿਹਾ ਕਿ ਲੋਕਤੰਤਰ ਵਿਚ ਪ੍ਰੈੱਸ ਨੂੰ ਲੋਕਤੰਤਰ ਦਾ ਚੌਥਾ ਥੰਮ੍ਹ ਮੰਨਿਆ ਜਾਂਦਾ ਹੈ ਤੇ ਪੈੱ੍ਰਸ ਦੀ ਆਵਾਜ਼ ਨੂੰ ਦਬਾਇਆ ਜਾਣਾ ਲੋਕਤੰਤਰੀ ਕਦਰਾਂ ਕੀਮਤਾਂ ਨੂੰ ਖ਼ਤਮ ਕੀਤੇ ਜਾਣ ਵਰਗੀ ਸਥਿਤੀ ਹੈ | ਉਨ੍ਹਾਂ ਕਿਹਾ ਕਿ ਸਰਕਾਰ ਨੂੰ ਇਨ੍ਹਾਂ ਪੱਤਰਕਾਰਾਂ 'ਤੇ ਦਰਜ ਕੀਤੇ ਕੇਸ ਤੁਰੰਤ ਵਾਪਸ ਲੈਣੇ ਚਾਹੀਦੇ ਹਨ ਤੇ ਪੈੱ੍ਰਸ ਦੀ ਆਜ਼ਾਦੀ ਨੂੰ ਹਰ ਹਾਲ ਵਿਚ ਕਾਇਮ ਰੱਖਿਆ ਜਾਣਾ ਚਾਹੀਦਾ ਹੈ |