ਫਗਵਾੜਾ, 6 ਜਨਵਰੀ (ਹਰਜੋਤ ਸਿੰਘ ਚਾਨਾ)-ਇਥੋਂ ਦੇ ਦਰਵੇਸ਼ ਪਿੰਡ ਵਿਖੇ ਸੀਨੀਅਰ ਆਪ ਆਗੂ ਦਲਜੀਤ ਸਿੰਘ ਰਾਜੂ ਦੇ ਘਰ 'ਤੇ ਹੋਈ ਫਾਇਰਿੰਗ ਤੇ ਲਗਾਤਾਰ ਆ ਰਹੀਆਂ ਧਮਕੀਆਂ ਦੇ ਮਾਮਲੇ 'ਚ ਉਨ੍ਹਾਂ ਦੇਸ਼ ਦੇ ਪ੍ਰਧਾਨ ਮੰਤਰੀ ਤੇ ਕੇਂਦਰੀ ਗ੍ਰਹਿ ਮੰਤਰੀ ਨੂੰ ਪੱਤਰ ਲਿਖ ਕੇ ਹਮਲਾਵਰਾਂ ਦੀ ਤੁਰੰਤ ਗਿ੍ਫ਼ਤਾਰੀ ਤੇ ਉਨ੍ਹਾਂ ਦੇ ਪਰਿਵਾਰ ਨੂੰ ਸੁਰੱਖਿਆ ਮੁਹੱਈਆ ਕਰਵਾਉਣ ਦੀ ਮੰਗ ਕੀਤੀ ਹੈ | ਉਨ੍ਹਾਂ ਆਪਣੇ ਪੱਤਰ 'ਚ ਕਿਹਾ ਕਿ 2728 ਨਵੰਬਰ ਦੀ ਦਰਮਿਆਨੀ ਰਾਤ ਨੂੰ ਉਸ ਦੇ ਘਰ 'ਤੇ ਅਣਪਛਾਤੇ ਵਿਅਕਤੀਆਂ ਨੇ ਹਮਲਾ ਕੀਤਾ ਸੀ | ਉਸ ਸਮੇਂ ਉਹ, ਉਸ ਦੀ ਪਤਨੀ ਤੇ ਧੀ ਘਰ 'ਚ ਮੌਜੂਦ ਸਨ ਤੇ ਹਮਲਾਵਰਾਂ ਵੱਲੋਂ ਕਰੀਬ 2527 ਗੋਲੀਆਂ ਸਿੱਧੀਆਂ ਘਰ ਵੱਲ ਚਲਾਈਆਂ ਗਈਆਂ ਸਨ | ਹਮਲੇ ਦੌਰਾਨ ਘਰ ਦੇ ਅੰਦਰ ਇੱਕ ਲਿਖਤੀ ਚਿੱਠੀ ਵੀ ਸੁੱਟੀ ਗਈ ਸੀ, ਜਿਸ 'ਚ 5 ਕਰੋੜ ਰੁਪਏ ਦੀ ਮੰਗ ਕਰਦੇ ਹੋਏ ਰਕਮ ਨਾ ਦੇਣ ਦੀ ਸੂਰਤ 'ਚ ਉਸ ਤੇ ਪਰਿਵਾਰ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ | ਇਹ ਧਮਕੀ ਕਥਿਤ ਤੌਰ 'ਤੇ ਕਾਲਾ ਰਾਣਾ ਗਰੁੱਪ ਦੇ ਨਾਮ 'ਤੇ ਦਿੱਤੀ ਗਈ ਸੀ | ਇਸ ਘਟਨਾ ਸਬੰਧੀ 28 ਨਵੰਬਰ 2025 ਨੂੰ ਥਾਣਾ ਸਤਨਾਮਪੁਰਾ ਵਿਖੇ ਕੇਸ ਦਰਜ ਕੀਤਾ ਗਿਆ ਸੀ | ਹਾਲਾਂਕਿ ਦਲਜੀਤ ਰਾਜੂ ਨੇ ਆਪਣੇ ਪੱਤਰ 'ਚ ਗੰਭੀਰ ਚਿੰਤਾ ਜਤਾਈ ਹੈ ਕਿ ਮਾਮਲੇ ਦੀ ਗੰਭੀਰਤਾ ਦੇ ਬਾਵਜੂਦ ਮੁੱਖ ਸ਼ੂਟਰ ਅਜੇ ਤੱਕ ਗਿ੍ਫ਼ਤਾਰ ਨਹੀਂ ਹੋਏ ਤੇ ਉਹ ਅਜੇ ਵੀ ਉਸ ਤੇ ਉਸ ਦੇ ਪਰਿਵਾਰ ਲਈ ਵੱਡਾ ਖ਼ਤਰਾ ਬਣੇ ਹੋਏ ਹਨ | ਰਾਜੂ ਨੇ ਕਿਹਾ ਕਿ ਕੇਸ ਦਰਜ ਹੋਣ ਤੋਂ ਬਾਅਦ ਵੀ ਉਸ ਨੰੂ ਲਗਾਤਾਰ ਵਸੂਲੀ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਵਿਦੇਸ਼ੀ ਨੰਬਰਾਂ ਤੋਂ ਮਿਲ ਰਹੀਆਂ ਹਨ, ਜੋ ਕਿ ਆਸਟੇ੍ਰਲੀਆ, ਕੈਨੇਡਾ ਤੇ ਯੂਨਾਈਟਿਡ ਕਿੰਗਡਮ ਵਰਗੇ ਦੇਸ਼ਾਂ ਤੋਂ ਆ ਰਹੀਆਂ ਦੱਸੀਆਂ ਜਾ ਰਹੀਆਂ ਹਨ | ਇਨ੍ਹਾਂ ਕਾਲਾਂ ਰਾਹੀਂ ਵਾਰ-ਵਾਰ ਰਕਮ ਦੀ ਮੰਗ ਕੀਤੀ ਜਾ ਰਹੀ ਹੈ ਤੇ ਖੁੱਲ੍ਹੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ | ਹੁਣ 3 ਜਨਵਰੀ 2026 ਨੂੰ ਤਾਜਾ ਧਮਕੀ ਮਿਲੀ ਹੈ | ਵਰਨਣਯੋਗ ਹੈ ਕਿ ਰਾਜੂ ਫਗਵਾੜਾ 'ਚ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਦੇ ਹਲਕਾ ਕੋਆਰਡੀਨੇਟਰ ਹਨ | ਜੋ ਪਹਿਲਾਂ ਭਾਰਤੀ ਰਾਸ਼ਟਰੀ ਕਾਂਗਰਸ 'ਚ ਵੀ ਮਹੱਤਵਪੂਰਨ ਅਹੁਦਿਆਂ 'ਤੇ ਰਹਿ ਚੁੱਕੇ ਹਨ, ਨੇ ਆਪਣੇ ਆਪ ਨੂੰ ਇੱਕ ਪ੍ਰਸਿੱਧ ਜਨਤਕ ਚਿਹਰਾ ਦੱਸਦਿਆਂ ਕਿਹਾ ਕਿ ਲਗਾਤਾਰ ਧਮਕੀਆਂ ਤੇ ਪ੍ਰਭਾਵਸ਼ਾਲੀ ਪੁਲਿਸ ਕਾਰਵਾਈ 'ਚ ਢਿੱਲ ਕਾਰਨ ਉਹ ਡਰ ਦੇ ਮਾਹੌਲ 'ਚ ਰਹਿ ਰਹੇ ਹਨ | ਉਨ੍ਹਾਂ ਕਿਹਾ ਕਿ ਡੀ.ਜੀ.ਪੀ. ਪੰਜਾਬ ਸਮੇਤ ਸੀਨੀਅਰ ਪੁਲਿਸ ਅਧਿਕਾਰੀਆਂ ਕੋਲ ਅਰਜ਼ੀਆਂ ਦੇਣ ਦੇ ਬਾਵਜੂਦ ਅਜੇ ਤੱਕ ਪੂਰੀ ਸੁਰੱਖਿਆ ਪ੍ਰਦਾਨ ਨਹੀਂ ਕੀਤੀ ਗਈ | ਰਾਜੂ ਨੇ ਪ੍ਰਧਾਨ ਮੰਤਰੀ ਤੇ ਕੇਂਦਰੀ ਗ੍ਰਹਿ ਮੰਤਰੀ ਨੂੰ ਬੇਨਤੀ ਕੀਤੀ ਹੈ ਕਿ ਫਾਇਰਿੰਗ ਤੇ ਫ਼ਿਰੌਤੀ ਮੰਗਣ ਦੇ ਮਾਮਲੇ 'ਚ ਸ਼ਾਮਿਲ ਸਾਰੇ ਦੋਸ਼ੀਆਂ ਦੀ ਤੁਰੰਤ ਗਿ੍ਫ਼ਤਾਰੀ ਦੇ ਹੁਕਮ ਦਿੱਤੇ ਜਾਣ | ਉਸ ਨੰੂ ਤੇ ਉਸ ਦੇ ਪਰਿਵਾਰ ਲਈ ਯੋਗ ਤੇ ਭਰੋਸੇਯੋਗ ਪੁਲਿਸ ਸੁਰੱਖਿਆ ਯਕੀਨੀ ਬਣਾਈ ਜਾਵੇ | ਐਸ.ਪੀ ਮਾਧਵੀ ਸ਼ਰਮਾ ਨੇ ਸੰਪਰਕ ਕਰਨ 'ਤੇ ਦੱਸਿਆ ਕਿ ਇਸ ਮਾਮਲੇ 'ਚ ਹੁਣ ਤੱਕ ਛੇ ਵਿਅਕਤੀ ਗਿ੍ਫ਼ਤਾਰ ਕੀਤੇ ਗਏ ਹਨ ਤੇ ਰਾਜੂ ਨੂੰ ਸੁਰੱਖਿਆ ਵੀ ਮੁਹੱਈਆ ਕਰਵਾਈ ਗਈ ਹੈ |