ਸੁਲਤਾਨਪੁਰ ਲੋਧੀ, 6 ਜਨਵਰੀ (ਥਿੰਦ)-ਰੋਡ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਪਿੰਡ ਟਿੱਬਾ ਵਿਖੇ ਕਿਸਾਨਾਂ ਵਲੋਂ ਐਕਸਪੈੱ੍ਰਸ ਵੇਅ ਦਾ ਕੰਮ ਰੋਕ ਕੇ ਦਿੱਤੇ ਜਾ ਰਹੇ ਧਰਨੇ ਦੌਰਾਨ ਏ. ਸੀ. ਪੀ. ਧਰੇਂਦਰ ਵਰਮਾ, ਡੀ. ਐੱਸ. ਪੀ. ਹਰਗੁਰਦੇਵ ਸਿੰਘ ਜੰਮੂ, ਤਹਿਸੀਲਦਾਰ ਪਰਮਿੰਦਰ ਸਿੰਘ ਤੇ ਨਾਇਬ ਤਹਿਸੀਲਦਾਰ ਗੌਰਵ ਬਾਂਸਲ ਵਲੋਂ ਸ਼ਾਮ ਤੱਕ ਸ਼ਾਂਤਮਈ ਤਰੀਕੇ ਨਾਲ ਗੱਲਬਾਤ ਕਰਦਿਆਂ ਜਦੋਂ ਮਸਲੇ ਦਾ ਹੱਲ ਨਾ ਨਿਕਲਿਆ ਅਤੇ ਕਿਸਾਨ ਅਣਮਿਥੇ ਸਮੇਂ ਲਈ ਧਰਨੇ 'ਤੇ ਡਟੇ ਰਹਿਣ ਲਈ ਅੜੇ ਰਹੇ ਤਾਂ ਡੀ.ਆਰ.ਓ. ਮਨਦੀਪ ਸਿੰਘ ਮਾਨ ਨੂੰ ਦੇਰ ਰਾਤ ਧਰਨਾਕਾਰੀਆਂ ਨਾਲ ਗੱਲਬਾਤ ਕਰਨ ਲਈ ਆਉਣਾ ਪਿਆ | ਇਸ ਮੌਕੇ ਦੋ ਘੰਟੇ ਤੋਂ ਵੱਧ ਸਮੇਂ ਤੱਕ ਚੱਲੀ ਗੱਲਬਾਤ ਦੌਰਾਨ ਧਰਨਾਕਾਰੀਆਂ ਤੇ ਡੀ. ਆਰ. ਓ. ਵਿਚਕਾਰ ਕਾਫ਼ੀ ਤਲਖ਼ੀ ਹੋਈ | ਸੰਘਰਸ਼ ਕਮੇਟੀ ਦੇ ਪ੍ਰਧਾਨ ਪ੍ਰਭਦਿਆਲ ਸਿੰਘ, ਪਰਮਜੀਤ ਸਿੰਘ, ਜਸਵਿੰਦਰ ਸਿੰਘ ਬਈ, ਅਮਰਜੀਤ ਸਿੰਘ ਟਿੱਬਾ, ਤਰਸੇਮ ਸਿੰਘ ਨੇ ਇਸ ਮੌਕੇ ਦੋਸ਼ ਲਾਇਆ ਕਿ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਹੀ ਇਹ ਸਾਰਾ ਮਾਮਲਾ ਉਲਝਾਇਆ ਹੈ | ਉਨ੍ਹਾਂ ਨੇ ਕਿਹਾ ਕਿ ਐਕਵਾਇਰ ਕੀਤੀਆਂ ਜ਼ਮੀਨਾਂ ਦੇ ਮੁਆਵਜ਼ੇ, ਰਸਤੇ, ਪਾਈਪ ਲਾਈਨਾਂ ਦੇ ਮਸਲੇ ਜਿਉਂ ਦੀ ਤਿਉਂ ਖੜ੍ਹੇ ਹਨ | ਇਸ ਮੌਕੇ ਏ. ਸੀ. ਪੀ. ਧਰੇਂਦਰ ਵਰਮਾ, ਡੀ. ਐੱਸ. ਪੀ. ਹਰਗੁਰਦੇਵ ਸਿੰਘ ਜੰਮੂ ਤੇ ਤਹਿਸੀਲਦਾਰ ਪਰਮਿੰਦਰ ਸਿੰਘ ਦੀਆਂ ਕੋਸ਼ਿਸ਼ਾਂ ਸਦਕਾ ਸਹਿਮਤੀ ਬਣੀ ਕਿ 8 ਜਨਵਰੀ ਨੂੰ ਕਿਸਾਨਾਂ ਤੇ ਡੀ.ਆਰ.ਓ. ਸਮੇਤ ਨੈਸ਼ਨਲ ਹਾਈਵੇ ਅਥਾਰਿਟੀ ਨਾਲ ਮੀਟਿੰਗ ਕਰਕੇ ਮੰਗਾਂ ਦਾ ਹੱਲ ਕੱਢਿਆ ਜਾਵੇਗਾ | ਇਸ ਮੌਕੇ ਸੰਘਰਸ਼ ਕਮੇਟੀ ਦੇ ਆਗੂਆਂ ਨੇ ਕਿਹਾ ਕਿ ਧਰਨਾ ਲਗਾਤਾਰ ਜਾਰੀ ਰਹੇਗਾ ਅਤੇ ਸੜਕ ਦੇ ਨਿਰਮਾਣ ਕਾਰਜ ਵੀ ਰੁਕੇ ਰਹਿਣਗੇ | ਮੀਟਿੰਗ ਤੋਂ ਬਾਅਦ ਕੋਈ ਹੱਲ ਨਾ ਨਿਕਲਿਆ ਤਾਂ ਧਰਨਾ ਅਣਮਿਥੇ ਸਮੇਂ ਲਈ ਚੱਲਦਾ ਰਹੇਗਾ |