ਫਗਵਾੜਾ, 6 ਜਨਵਰੀ (ਹਰਜੋਤ ਸਿੰਘ ਚਾਨਾ)-ਨਸ਼ਾ ਤਸਕਰੀ ਦੇ ਮਾਮਲੇ 'ਚ ਸ਼ਾਮਲ ਇੱਕ ਵਿਦੇਸ਼ੀ ਨਾਗਰਿਕ ਨੂੰ ਆਪਣੀ ਸਜ਼ਾ ਪੂਰੀ ਕਰਨ ਉਪਰੰਤ ਉਸ ਦੇ ਦੇਸ਼ ਵਾਪਸ ਡਿਪੋਰਟ ਕਰ ਦਿੱਤਾ ਗਿਆ | ਇਹ ਕਾਰਵਾਈ ਕਪੂਰਥਲਾ ਪੁਲਿਸ ਵਲੋਂ ਚਲਾਈ ਜਾ ਰਹੀ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਕੀਤੀ ਗਈ | ਜਾਣਕਾਰੀ ਦਿੰਦਿਆਂ ਐਸ.ਪੀ ਮਾਧਵੀ ਸ਼ਰਮਾ ਨੇ ਦੱਸਿਆ ਕਿ ਦੋਸ਼ੀ ਦੀ ਪਹਿਚਾਣ ਫਾਲਾਨ ਓਨਾਨੀ ਮਚੀਲਾ ਵਾਸੀ ਨਡੋਲਾ ਜ਼ਾਂਬੀਆ ਵਜੋਂ ਹੋਈ ਹੈ | ਉਨ੍ਹਾਂ ਦੱਸਿਆ ਕਿ ਦੋਸ਼ੀ ਖ਼ਿਲਾਫ਼ ਥਾਣਾ ਸਦਰ ਫਗਵਾੜਾ, ਜ਼ਿਲ੍ਹਾ ਕਪੂਰਥਲਾ ਵਿਖੇ ਐਫ.ਆਈ.ਆਰ. ਨੰਬਰ 85/2015 ਅਧੀਨ ਐਨ.ਡੀ.ਪੀ.ਐਸ. ਐਕਟ ਦੀਆਂ ਧਾਰਾਵਾਂ 21/61/85 ਤੇ ਐਫ.ਆਈ.ਆਰ. ਨੰਬਰ 117/2017 ਅਧੀਨ ਆਈ.ਪੀ.ਸੀ. ਦੀਆਂ ਧਾਰਾਵਾਂ 379, 411 ਅਤੇ 34 ਤਹਿਤ ਮਾਮਲੇ ਦਰਜ ਸਨ | ਦੋਸ਼ੀ ਨਸ਼ਾ ਤਸਕਰੀ ਤੇ ਚੋਰੀ ਦੇ ਮਾਮਲਿਆਂ 'ਚ ਸ਼ਾਮਿਲ ਪਾਇਆ ਗਿਆ ਸੀ | ਦੋਸ਼ੀ ਵਲੋਂ ਅਦਾਲਤੀ ਸਜ਼ਾ ਪੂਰੀ ਕਰਨ ਤੇ ਕਾਨੂੰਨੀ ਪ੍ਰਕਿਰਿਆ ਪੂਰੀ ਕਰਨ ਉਪਰੰਤ ਫਗਵਾੜਾ ਪੁਲਿਸ ਵਲੋਂ 6 ਜਨਵਰੀ ਨੂੰ ਉਸ ਨੰੂ ਉਸ ਦੇ ਦੇਸ਼ ਵਾਪਸ ਡਿਪੋਰਟ ਕਰ ਦਿੱਤਾ ਗਿਆ | ਪੁਲਿਸ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਚਲਾਈ ਜਾ ਰਹੀ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਨਸ਼ਾ ਤਸਕਰਾਂ ਖ਼ਿਲਾਫ਼ ਸਖ਼ਤ ਕਾਰਵਾਈ ਅੱਗੇ ਵੀ ਜਾਰੀ ਰਹੇਗੀ | ਜ਼ਿਲ੍ਹੇ 'ਚ ਕੋਈ ਵੀ ਵਿਦੇਸ਼ੀ ਨਾਗਰਿਕ ਜੇ ਨਸ਼ਾ ਸੇਵਨ ਜਾਂ ਨਸ਼ਾ ਤਸਕਰੀ 'ਚ ਸ਼ਾਮਿਲ ਪਾਇਆ ਗਿਆ, ਤਾਂ ਉਸ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਕੇ ਅਦਾਲਤੀ ਕਾਰਵਾਈ ਪੂਰੀ ਹੋਣ ਉਪਰੰਤ ਉਸ ਨੰੂ ਉਸ ਦੇ ਦੇਸ਼ ਵਾਪਸ ਡਿਪੋਰਟ ਕੀਤਾ ਜਾਵੇਗਾ |