ਕਪੂਰਥਲਾ, 6 ਜਨਵਰੀ (ਸਡਾਨਾ)-ਸਾਹਿਤ ਅਤੇ ਕਲਾ ਨੂੰ ਸਮਰਪਿਤ ਜ਼ਿਲ੍ਹੇ ਦੀ ਸਿਰਮੌਰ ਸਾਹਿਤਕ ਸੰਸਥਾ ਸਿਰਜਣਾ ਕੇਂਦਰ ਵਲੋਂ ਪ੍ਰਵਾਸੀ ਲੇਖਕ ਬਿੰਦਰ ਕੋਲੀਆਂਵਾਲ ਦੇ ਨਵੇਂ ਨਾਵਲ 'ਸੁੰਨੇ ਰਹਿ ਗਏ ਆਲ੍ਹਣੇ' ਦਾ ਲੋਕ ਅਰਪਣ ਸਮਾਗਮ ਸਿਰਜਣਾ ਕੇਂਦਰ ਦੇ ਦਫ਼ਤਰ ਵਿਰਸਾ ਵਿਹਾਰ ਵਿਖੇ ਸਾਹਿਤਕਾਰਾਂ ਅਤੇ ਸਾਹਿਤ ਪ੍ਰੇਮੀਆਂ ਦੀ ਭਰਵੀਂ ਹਾਜ਼ਰੀ ਵਿਚ ਕੀਤਾ ਗਿਆ | ਇਸ ਮੌਕੇ ਉੱਘੇ ਚਿੰਤਕ ਤੇ ਲੇਖਕ ਡਾ. ਪਰਮਜੀਤ ਸਿੰਘ ਮਾਨਸਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ, ਜਦਕਿ ਸਮਾਗਮ ਦੀ ਪ੍ਰਧਾਨਗੀ ਸਿਰਜਣਾ ਕੇਂਦਰ ਦੇ ਪ੍ਰਧਾਨ ਤੇ ਕੌਮਾਂਤਰੀ ਸ਼ਾਇਰ ਕੰਵਰ ਇਕਬਾਲ ਸਿੰਘ, ਪ੍ਰਕਾਸ਼ ਕੌਰ ਸੰਧੂ, ਡਾ. ਆਸਾ ਸਿੰਘ ਘੁੰਮਣ, ਰੌਸ਼ਨ ਖੈੜਾ ਅਤੇ ਚੰਨ ਮੋਮੀ ਨੇ ਸਾਂਝੇ ਤੌਰ 'ਤੇ ਕੀਤੀ | ਸਮਾਗਮ ਦੌਰਾਨ ਵਿਸ਼ੇਸ਼ ਮਹਿਮਾਨ ਵਜੋਂ ਉੱਘੇ ਕਾਰੋਬਾਰੀ ਪਰਵਿੰਦਰ ਸਿੰਘ ਤੇ ਮੈਨੇਜਰ ਪ੍ਰਦੀਪ ਕੁਮਾਰ ਸ਼ਾਮਲ ਹੋਏ | ਪ੍ਰੋਗਰਾਮ ਦੇ ਸ਼ੁਰੂਆਤ ਦੌਰ ਵਿਚ ਕੇਂਦਰ ਦੇ ਪ੍ਰਧਾਨ ਕੰਵਰ ਇਕਬਾਲ ਸਿੰਘ ਨੇ ਹਾਜ਼ਰ ਕਵੀਆਂ ਅਤੇ ਮਹਿਮਾਨਾਂ ਦਾ ਸਵਾਗਤ ਕੀਤਾ ਤੇ ਸਟੇਜ਼ ਸਕੱਤਰ ਦੀ ਭੂਮਿਕਾ ਆਸ਼ੂ ਕੁਮਰਾ ਵਲੋਂ ਨਿਭਾਉਂਦਿਆਂ ਕਵੀ ਦਰਬਾਰ ਦੀ ਆਰੰਭਤਾ ਕਰਵਾਈ ਗਈ | ਜਿਸ ਵਿਚ ਨੌਜਵਾਨ ਸ਼ਾਇਰਾਂ ਮੁਖਤਾਰ ਸਹੋਤਾ, ਅਮਨ ਗਾਂਧੀ, ਬੀਬਾ ਆਮੀਨ ਗਿੱਲ, ਕੁਲਵੰਤ ਸਿੰਘ ਧੰਜੂ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ | ਉਪਰੰਤ ਸਮਰੱਥ ਸ਼ਾਇਰ ਦੀਸ਼ ਦਬੁਰਜੀ, ਉੱਘੇ ਗਜ਼ਲਗੋ ਜਨਕਪ੍ਰੀਤ ਬੇਗੋਵਾਲ, ਡਾ. ਸੁਰਿੰਦਰਪਾਲ ਸਿੰਘ, ਮੁਖ਼ਤਾਰ ਸਿੰਘ ਚੰਦੀ, ਗੁਰਦੀਪ ਗਿੱਲ, ਪਿ੍ੰਸੀਪਲ ਕੇਵਲ ਸਿੰਘ ਰੱਤੜਾ ਤੇਜਬੀਰ ਸਿੰਘ ਤੇ ਹਰਜਿੰਦਰ ਸਿੰਘ ਰਾਣਾ ਨੇ ਨਵੀਆਂ ਕਵਿਤਾਵਾਂ ਪੇਸ਼ ਕਰਕੇ ਰੰਗ ਬੰਨਿਆ | ਸਮਾਗਮ ਦੇ ਪ੍ਰਬੰਧਕ ਮਲਕੀਤ ਮੀਤ ਤੇ ਆਸ਼ੂ ਕੁਮਰਾ ਨੇ ਵੀ ਖੂਬਸੂਰਤ ਰਚਨਾਵਾਂ ਸੁਣਾਈਆਂ ਅਤੇ ਉਸਤਾਦ ਗਜ਼ਲਗੋ ਸੁਰਜੀਤ ਸਾਜਨ ਨੇ ਆਪਣੇ ਚੋਣਵੇ ਸ਼ਿਅਰਾਂ ਨਾਲ ਵਾਹ-ਵਾਹ ਖੱਟੀ | ਸਮਾਗਮ ਦੇ ਦੂਜੇ ਦੌਰ ਵਿਚ ਨਾਵਲ ਸੁੰਨੇ ਗਏ ਆਲ੍ਹਣੇ 'ਤੇ ਮੁਖਤਾਰ ਸਿੰਘ ਚੰਦੀ, ਮੋਹਨ ਸਿੰਘ ਮੋਤੀ ਤੇ ਪਿ੍ੰਸੀਪਲ ਲਖਬੀਰ ਸਿੰਘ ਨੇ ਆਪਣੇ ਵਿਚਾਰ ਸਾਂਝੇ ਕੀਤੇ | ਅੰਤ ਵਿਚ ਲੇਖਕ ਬਿੰਦਰ ਕੋਲੀਆਂਵਾਲ ਨੇ ਨਾਵਲ ਦੇ ਵਿਸ਼ੇ ਦੀ ਚੋਣ ਬਾਬਤ ਇਸ ਦੀ ਕਹਾਣੀ ਸੱਚੀ ਜੀਵਨ ਗਾਥਾ 'ਤੇ ਆਧਾਰਿਤ ਹੈ, ਬਾਰੇ ਦੱਸਿਆ | ਇੱਥੇ ਜ਼ਿਕਰਯੋਗ ਹੈ ਕਿ ਬਿੰਦਰ ਕੌਲੀਆਂਵਾਲ ਪਹਿਲਾਂ ਵੀ ਵੱਖ-ਵੱਖ ਵਿਸ਼ਿਆਂ 'ਤੇ ਦਰਜ਼ਨ ਦੇ ਕਰੀਬ ਪੁਸਤਕਾਂ ਲਿਖ ਚੁੱਕੇ ਹਨ ਤੇ ਉਨ੍ਹਾਂ ਨੇ ਪੰਜਾਬੀ ਸਾਹਿਤ ਦੀ ਝੋਲੀ ਵਿਚ ਕਵਿਤਾ ਅਤੇ ਕਹਾਣੀ ਦੀਆਂ ਕਿਤਾਬਾਂ ਪਾਈਆਂ ਹਨ | ਪਿ੍ੰਸੀਪਲ ਕੇਵਲ ਸਿੰਘ ਰੱਤੜਾ ਤੇ ਸਹਾਇਕ ਮੀਡੀਆ ਇੰਚਾਰਜ ਰਜਨੀ ਵਾਲੀਆ ਨੇ ਦੱਸਿਆ ਕਿ ਸਮਾਗਮ ਦੌਰਾਨ ਪ੍ਰਧਾਨਗੀ ਮੰਡਲ ਵਲੋਂ ਸੁੰਨੇ ਰਹਿ ਗਏ ਆਲ੍ਹਣੇ ਨਾਵਲ ਦੀ ਘੁੰਡ ਚੁਕਾਈ ਗਈ | ਇਸ ਮੌਕੇ ਬਿੰਦਰ ਕੋਲੀਆਂਵਾਲ ਤੇ ਉਨ੍ਹਾਂ ਦੀ ਧਰਮ ਪਤਨੀ ਬਲਵਿੰਦਰ ਕੌਰ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ | ਸਮਾਗਮ ਦੌਰਾਨ ਡਾ. ਹਰਭਜਨ ਸਿੰਘ, ਪਿ੍ੰਸੀਪਲ ਸਤਨਾਮ ਕੌਰ, ਮਨਜਿੰਦਰ ਕਮਲ, ਸ਼ਿਵਦਰਸ਼ਨ ਕੰਬੋਜ ਤੇ ਹੋਰ ਹਾਜ਼ਰ ਸਨ |