ਸੁਲਤਾਨਪੁਰ ਲੋਧੀ, 28 ਜਨਵਰੀ (ਨਰੇਸ਼ ਹੈਪੀ)- ਸ਼ਹਿਰ ਦੇ ਲੋਕਾਂ ਲਈ ਲੰਮੇ ਸਮੇਂ ਤੋਂ ਸਿਰਦਰਦ ਬਣੀਆਂ ਟੁੱਟੀਆਂ ਸੜਕਾਂ ਜਲਦੀ ਬਣਨ ਜਾ ਰਹੀਆਂ ਹਨ, ਸੁਲਤਾਨਪੁਰ ਲੋਧੀ ਦੇ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਨੇ ਦੱਸਿਆ ਕਿ ਸ਼ਹਿਰ ਵਿਚ 13.5 ਕਰੋੜ ਰੁਪਏ ਦੀ ਲਾਗਤ ਨਾਲ ਸੜਕਾਂ ਦੀ ਮੁੜ ਉਸਾਰੀ ਦਾ ਕੰਮ ਜਲਦ ਸ਼ੁਰੂ ਕੀਤਾ ਜਾਵੇਗਾ, ਜਿਸ ਨਾਲ ਸ਼ਹਿਰ ਦੇ ਲੋਕਾਂ ਨੂੰ ਸੁਰੱਖਿਅਤ ਤੇ ਟਿਕਾਊ ਆਵਾਜਾਈ ਦੀ ਸਹੂਲਤ ਮਿਲੇਗੀ। ਵਿਧਾਇਕ ਰਾਣਾ ਨੇ ਸਪੱਸ਼ਟ ਕੀਤਾ ਕਿ ਇਸ ਵੱਡੇ ਪ੍ਰੋਜੈਕਟ ਤਹਿਤ 7.5 ਕਰੋੜ ਰੁਪਏ ਨਾਲ ਕੰਕਰੀਟ ਵਾਲੀਆਂ ਸੜਕਾਂ ਤੇ 6 ਕਰੋੜ ਰੁਪਏ ਨਾਲ ਲੁੱਕ (ਲਿੰਕ) ਸੜਕਾਂ ਤਿਆਰ ਕੀਤੀਆਂ ਜਾਣਗੀਆਂ। ਇਸ ਸੰਬੰਧੀ ਸਾਰੇ ਟੈਂਡਰ ਪ੍ਰਕਿਰਿਆ ਪੂਰੀ ਹੋ ਚੁੱਕੀ ਹੈ ਤੇ ਬਹੁਤ ਜਲਦ ਜ਼ਮੀਨੀ ਪੱਧਰ 'ਤੇ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ। ਮੀਡੀਆ ਨਾਲ ਗੱਲਬਾਤ ਦੌਰਾਨ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਨੇ ਕਿਹਾ ਕਿ ਸੜਕਾਂ ਦੀ ਉਸਾਰੀ ਦੌਰਾਨ ਪੈਚ ਵਰਕ ਦੀ ਕਿਸੇ ਵੀ ਸੂਰਤ ਵਿਚ ਇਜਾਜ਼ਤ ਨਹੀਂ ਹੋਵੇਗੀ। ਉਨ੍ਹਾਂ ਕਿਹਾ ਕਿ ਹਰ ਸੜਕ ਨੂੰ ਪੂਰੀ ਤਰ੍ਹਾਂ ਪੁਟਾ ਕੇ ਨਵੇਂ ਸਿਰੇ ਤੋਂ ਤਿਆਰ ਕੀਤਾ ਜਾਵੇਗਾ ਤਾਂ ਜੋ ਕੰਮ ਦੀ ਮੁਨਿਆਦ ਲੰਮੀ ਹੋਵੇ ਤੇ ਵਾਰ-ਵਾਰ ਮੁਰੰਮਤ ਦੀ ਲੋੜ ਨਾ ਪਵੇ। ਉਨ੍ਹਾਂ ਦੱਸਿਆ ਕਿ ਉਸਾਰੀ ਤੋਂ ਪਹਿਲਾਂ ਪ੍ਰੋਪਰ ਕੰਪੈਕਸ਼ਨ ਲਾਜ਼ਮੀ ਕਰਵਾਈ ਜਾਵੇਗੀ ਅਤੇ ਕੰਪੈਕਸ਼ਨ ਦਾ ਲੈਬ ਟੈੱਸਟ ਪਾਸ ਹੋਣ ਤੋਂ ਬਾਅਦ ਹੀ ਅਗਲਾ ਕੰਮ ਸ਼ੁਰੂ ਕੀਤਾ ਜਾਵੇਗਾ। ਵਿਧਾਇਕ ਨੇ ਚਿਤਾਵਨੀ ਭਰੇ ਅੰਦਾਜ਼ ਵਿਚ ਕਿਹਾ ਕਿ ਕੁਆਲਿਟੀ ਨਾਲ ਸਮਝੌਤਾ ਕਰਨ ਵਾਲੇ ਠੇਕੇਦਾਰਾਂ ਤੇ ਅਧਿਕਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਰਾਣਾ ਇੰਦਰ ਪ੍ਰਤਾਪ ਸਿੰਘ ਨੇ ਕਿਹਾ ਕਿ ਸੜਕਾਂ ਦੀ ਉਸਾਰੀ ਸਿਰਫ਼ ਕਾਗਜ਼ਾਂ ਤੱਕ ਸੀਮਤ ਨਹੀਂ ਰਹੇਗੀ, ਸਗੋਂ ਉਹ ਖ਼ੁਦ ਮੌਕੇ 'ਤੇ ਖੜ੍ਹ ਕੇ ਹਰ ਪੜਾਅ ਦੀ ਨਿਗਰਾਨੀ ਕਰਨਗੇ। ਉਨ੍ਹਾਂ ਕਿਹਾ ਕਿ ਸੰਬੰਧਿਤ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਲਗਾਤਾਰ ਰਾਬਤਾ ਰੱਖਿਆ ਜਾਵੇਗਾ ਤਾਂ ਜੋ ਸ਼ਹਿਰ ਨੂੰ ਲੰਮੇ ਸਮੇਂ ਲਈ ਮਜ਼ਬੂਤ ਅਤੇ ਉੱਚ ਗੁਣਵੱਤਾ ਵਾਲੀਆਂ ਸੜਕਾਂ ਮਿਲ ਸਕਣ। ਵਿਧਾਇਕ ਰਾਣਾ ਨੇ ਦੱਸਿਆ ਕਿ ਸ਼ਹਿਰ ਵਿਚ ਚੱਲ ਰਹੇ ਸੀਵਰੇਜ ਤੇ ਵਾਟਰ ਸਪਲਾਈ ਦੇ ਮਹੱਤਵਪੂਰਨ ਪ੍ਰੋਜੈਕਟ ਮੁਕੰਮਲ ਹੋਣ ਦੇ ਨੇੜੇ ਹਨ ਜਿਨ੍ਹਾਂ ਨਾਲ ਲੋਕਾਂ ਨੂੰ ਸਾਫ਼ ਪੀਣ ਵਾਲਾ ਪਾਣੀ ਤੇ ਬਿਹਤਰ ਨਿਕਾਸੀ ਪ੍ਰਣਾਲੀ ਮਿਲੇਗੀ ਵਿਧਾਇਕ ਨੇ ਖ਼ਾਸ ਤੌਰ 'ਤੇ ਅਪੀਲ ਕੀਤੀ ਕਿ ਜਿੱਥੇ ਨਵੀਂ ਵਾਟਰ ਸਪਲਾਈ ਤੇ ਸੀਵਰੇਜ ਪਾਈਪ ਲਾਈਨ ਵਿਛਾਈ ਜਾ ਚੁੱਕੀ ਹੈ ਉੱਥੇ ਲੋਕ ਆਪਣੇ ਨਵੇਂ ਕਨੈੱਕਸ਼ਨ ਜ਼ਰੂਰ ਲੈ ਲੈਣ ਤਾਂ ਜੋ ਸੜਕਾਂ ਦੀ ਮੁੜ ਉਸਾਰੀ ਤੋਂ ਬਾਅਦ ਦੁਬਾਰਾ ਸੜਕਾਂ ਜਾਂ ਗਲੀਆਂ ਨੂੰ ਪੁੱਟਣਾ ਨਾ ਪਵੇ ਤੇ ਸਰਕਾਰੀ ਪੈਸੇ ਦੀ ਬੱਚਤ ਹੋ ਸਕੇ। ਇਸ ਮੌਕੇ ਪ੍ਰਧਾਨ ਦੀਪਕ ਧੀਰ ਰਾਜੂ, ਸਾਬਕਾ ਚੇਅਰਮੈਨ ਤੇਜਵੰਤ ਸਿੰਘ, ਸਾਬਕਾ ਪ੍ਰਧਾਨ ਅਸ਼ੋਕ ਮੋਗਲਾ, ਮੀਤ ਪ੍ਰਧਾਨ ਨਵਨੀਤ ਚੀਮਾ, ਕੌਂਸਲਰ ਸੰਤਪ੍ਰੀਤ ਸਿੰਘ, ਕੌਂਸਲਰ ਪਵਨ ਕਨੌਜੀਆ, ਸਾਬਕਾ ਕੌਂਸਲਰ ਜੁਗਲ ਕਿਸ਼ੋਰ ਕੋਹਲੀ, ਸਾਬਕਾ ਕੌਂਸਲਰ ਸੰਜੀਵ ਮਰਵਾਹਾ, ਜੈਲਦਾਰ ਮਾਨਵ ਧੀਰ, ਰਵਿੰਦਰ ਰਵੀ ਪਿੱਥੋਰਾਹਲ, ਕਰਨ ਚੌਹਾਨ, ਸਾਬਕਾ ਕੌਂਸਲਰ ਚਰਨ ਕਮਲ ਪਿੰਟਾ, ਸਿਮਰਨਜੀਤ ਧੀਰ, ਚਾਚਾ ਸੁਰਿੰਦਰਜੀਤ ਸਿੰਘ, ਰੰਮੀ ਗੁਪਤਾ, ਯਸ਼ ਸੇਠੀ, ਅਮਰਜੀਤ ਸਿੰਘ ਖਿੰਡਾ, ਡਿੱਪੀ ਭਾਗਰਥ, ਵਿਵੇਕ ਧੀਰ ਆਦਿ ਹਾਜ਼ਰ ਸਨ।
ਸੁਲਤਾਨਪੁਰ ਲੋਧੀ ਨੂੰ ਮਿਲੇਗੀ ਟੁੱਟੀਆਂ ਸੜਕਾਂ ਤੋਂ ਮੁਕਤੀ
ਅਜੀਤ ਡੈਸਕ
29-01-2026