ਢਿਲਵਾਂ, 28 ਜਨਵਰੀ (ਗੋਬਿੰਦ ਸੁਖੀਜਾ)-ਚਾਈਨਾ ਡੋਰ ਕਾਰਨ ਵੱਧ ਰਹੀਆਂ ਹਾਦਸਿਆਂ ਦੀਆਂ ਘਟਨਾਵਾਂ ਨੂੰ ਦੇਖਦੇ ਹੋਏ ਢਿਲਵਾਂ ਪੁਲਿਸ ਵੱਲੋਂ ਕਸਬਾ ਢਿਲਵਾਂ ਅਤੇ ਨਜ਼ਦੀਕੀ ਪਿੰਡਾ ਵਿਚ ਵਿਸ਼ੇਸ਼ ਤਲਾਸ਼ੀ ਮੁਹਿੰਮ ਚਲਾਈ ਗਈ | ਇਸ ਦੌਰਾਨ ਪੁਲਿਸ ਟੀਮਾਂ ਨੇ ਵੱਖ-ਵੱਖ ਇਲਾਕਿਆਂ, ਦੁਕਾਨਾਂ ਤੇ ਸ਼ੱਕੀ ਥਾਵਾਂ ਦੀ ਜਾਂਚ ਕੀਤੀ | ਥਾਣਾ ਮੁਖੀ ਢਿਲਵਾਂ ਦਲਵਿੰਦਰ ਬੀਰ ਸਿੰਘ ਦੀ ਅਗਵਾਈ ਹੇਠ ਕੀਤੀ ਗਈ ਇਸ ਕਾਰਵਾਈ ਦੌਰਾਨ ਲੋਕਾਂ ਨੂੰ ਚਾਈਨਾ ਡੋਰ ਦੇ ਖ਼ਤਰਨਾਕ ਪ੍ਰਭਾਵਾਂ ਬਾਰੇ ਵੀ ਜਾਗਰੂਕ ਕੀਤਾ ਗਿਆ | ਉਨ੍ਹਾਂ ਨੇ ਦੱਸਿਆ ਕਿ ਚਾਈਨਾ ਡੋਰ ਨਾਲ ਹਰ ਸਾਲ ਕਈ ਲੋਕ ਤੇ ਪੰਛੀ ਜ਼ਖਮੀ ਹੁੰਦੇ ਹਨ ਤੇ ਹਾਲ ਹੀ ਵਿਚ ਪੰਜਾਬ ਵਿਚ ਦੋ ਮੌਤਾਂ ਵੀ ਹੋਈਆਂ ਹਨ ਜਿਸ ਦੇ ਚੱਲਦਿਆਂ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਪੁਲਿਸ ਵੱਲੋਂ ਸਖ਼ਤ ਚੇਤਾਵਨੀ ਵੀ ਦਿੱਤੀ ਗਈ ਹੈ ਕਿ ਜੇ ਕੋਈ ਵੀ ਵਿਅਕਤੀ ਚਾਈਨਾ ਡੋਰ ਵੇਚਦਾ ਜਾਂ ਵਰਤਦਾ ਫੜਿਆ ਗਿਆ ਤਾਂ ਉਸ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ | ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇ ਕਿਸੇ ਨੂੰ ਵੀ ਚਾਈਨਾ ਡੋਰ ਦੀ ਵਿੱਕਰੀ ਜਾਂ ਸਟਾਕ ਬਾਰੇ ਜਾਣਕਾਰੀ ਹੋਵੇ ਤਾਂ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਜਾਵੇ |