ਭੁਲੱਥ, 1 ਫਰਵਰੀ (ਮਨਜੀਤ ਸਿੰਘ ਰਤਨ, ਮੇਹਰ ਚੰਦ ਸਿੱਧੂ)- ਸਥਾਨਕ ਕਸਬਾ ਭੁਲੱਥ ਦੇ ਭਰਵੀਂ ਆਬਾਦੀ ਵਾਲੇ ਖੇਤਰ ਮੇਨ ਬਾਜ਼ਾਰ ਵਿਚ ਸਥਿਤ ਗੁਰਦੁਆਰਾ ਸਾਹਿਬ ਦੇ ਅੱਗੇ ਗਲੀ ਵਿਚ ਸੀਵਰੇਜ ਹੌਦੀ ਵਿਚੋਂ ਗੰਦਾ ਪਾਣੀ ਪਿਛਲੇ ਕਾਫ਼ੀ ਸਮੇਂ ਤੋਂ ਬਾਹਰ ਨਿਕਲ ਰਿਹਾ ਤੇ ਸਾਰੀ ਗਲੀ ਗੰਦੇ ਪਾਣੀ ਦੀ ਲਪੇਟ ਵਿਚ ਹੈ | ਮੇਨ ਬਾਜ਼ਾਰ ਵਿਚ ਗੁਰਦੁਆਰਾ ਸਾਹਿਬ ਦੇ ਸਾਹਮਣੇ ਪੈਂਦੀ ਇਸ ਜਗ੍ਹਾ 'ਤੇ ਸੀਵਰੇਜ ਹੌਦੀ ਦੇ ਢੱਕਣ ਵੀ ਪਾਣੀ ਉੱਪਰ ਤੈਰਦੇ ਦਿਖਾਈ ਦਿੰਦੇ ਹਨ ਜਦੋਂ ਕੋਈ ਦੋ ਪਹੀਆ ਵਾਹਨ ਉੱਪਰੋਂ ਲੰਘਦਾ ਹੈ ਤਾਂ ਗੰਦੇ ਪਾਣੀ ਦੇ ਛਿੱਟੇ ਉਸ ਦੇ ਉੱਪਰ ਪੈਂਦੇ ਹਨ ਤੇ ਪੈਦਲ ਲੋਕਾਂ ਦਾ ਲੰਘਣ ਦੀ ਔਖਾ ਹੋਇਆ ਹੈ | ਇਸ ਦੇ ਨਾਲ ਲੱਗਦੀ ਨਾਲੀ ਵੀ ਪਾਣੀ ਨਾਲ ਭਰੀ ਬੰਦ ਨਜ਼ਰ ਆਈ ਹੈ ਜੋ ਸਫ਼ਾਈ ਨੂੰ ਆਵਾਜ਼ਾਂ ਮਾਰ ਰਹੀ | ਇਸ ਸੰਬੰਧੀ ਮੁਹੱਲਾ ਵਾਸੀ ਤੇ ਨਜ਼ਦੀਕੀ ਦੁਕਾਨਦਾਰਾਂ ਨੇ ਦੱਸਿਆ ਕਿ ਪਿਛਲੇ ਕਾਫ਼ੀ ਸਮੇਂ ਤੋਂ ਅਜਿਹੇ ਗੰਦੇ ਮਾਹੌਲ ਕਾਰਨ ਦੁਕਾਨਾਂ-ਘਰਾਂ ਅੰਦਰ ਗੰਦਗੀ ਫੈਲ ਰਹੀ ਤੇ ਮੁਹੱਲੇ 'ਚ ਬਦਬੂ ਭਰਿਆ ਮਾਹੌਲ ਹੈ | ਜ਼ਿਕਰਯੋਗ ਕਿ ਜਿੱਥੇ ਰਿਹਾਇਸ਼ੀ ਲੋਕਾਂ ਤੇ ਦੁਕਾਨਦਾਰਾਂ ਸਮੇਤ ਆਉਣ-ਜਾਣ ਵਾਲਿਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਉੱਥੇ ਗੁਰੂ ਘਰ ਆਉਣ ਵਾਲੀ ਸੰਗਤ ਵੀ ਬਹੁਤ ਪ੍ਰੇਸ਼ਾਨ ਹੋ ਰਹੀ ਹੈ | ਸਵੇਰ ਸਾਰ ਜਦੋਂ ਸੰਗਤ ਗੁਰੂ ਘਰ ਮੱਥਾ ਟੇਕਣ ਆਉਂਦੀ ਹੈ ਤਾਂ ਉਨ੍ਹਾਂ ਨੂੰ ਬੇਵੱਸ ਹੋ ਕੇ ਹੀ ਗੰਦਗੀ ਭਰੇ ਪਾਣੀ ਵਿਚੋਂ ਲੰਘ ਕੇ ਗੁਰੂ ਘਰ ਜਾਣਾ ਪੈਂਦਾ ਹੈ | ਗੁਰੂ ਘਰ ਅੱਗੇ ਅਜਿਹਾ ਗੰਦਗੀ ਭਰਿਆ ਮਾਹੌਲ ਦੇਖ ਸੰਗਤਾਂ ਵੀ ਹੈਰਾਨ ਹੁੰਦੀਆਂ ਦਿਖਾਈ ਦਿੱਤੀਆਂ ਹਨ | ਲੋਕਾਂ ਨੇ ਮੰਗ ਕੀਤੀ ਕਿ ਜਲਦ ਸੀਵਰੇਜ ਸਮੇਤ ਨਾਲੀ ਦੀ ਸਾਫ-ਸਫਾਈ ਕਰਵਾਈ ਜਾਵੇ ਤੇ ਇਸ ਸਮੱਸਿਆ ਦਾ ਕੋਈ ਪੱਕਾ ਹੱਲ ਕੱਢਿਆ ਜਾਵੇ ਤਾਂ ਜੋ ਆਉਣ ਜਾਣ ਵਾਲੇ ਲੋਕਾਂ, ਮੁਹੱਲਾ ਤੇ ਬਾਜ਼ਾਰ ਵਾਸੀਆਂ ਨੂੰ ਕਿਸੇ ਕਿਸਮ ਦਾ ਕੋਈ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ |