ਬੇਗੋਵਾਲ, 2 ਫਰਵਰੀ (ਸੁਖਜਿੰਦਰ ਸਿੰਘ)-ਮਨੁੱਖਤਾ ਦੀ ਸੇਵਾ ਦੇ ਕੇਂਦਰ ਵਜੋਂ ਜਾਣੇ ਜਾਂਦੇ ਬਾਬਾ ਮੋਤੀ ਰਾਮ ਮਹਿਰਾ ਅਨਾਥ ਆਸ਼ਰਮ ਬੇਗੋਵਾਲ ਦੇ ਸਥਾਪਨਾ ਦਿਵਸ ਸੰਬੰਧੀ ਛੋਟੇ ਸਾਹਿਬਜ਼ਾਦਿਆਂ, ਮਾਤਾ ਗੁਜਰੀ ਜੀ ਤੇ ਬਾਬਾ ਮੋਤੀ ਰਾਮ ਮਹਿਰਾ ਦੀ ਸ਼ਹੀਦੀ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ ਗਿਆ | ਇਸ ਮੌਕੇ ਅਖੰਡ ਪਾਠ ਦੇ ਭੋਗ ਉਪਰੰਤ ਦੀਵਾਨ ਸਜਾਏ ਗਏ | ਮੁੱਖ ਸੇਵਾਦਾਰ ਕਸ਼ਮੀਰ ਸਿੰਘ ਸ਼ਾਹੀ ਯੂ.ਐਸ.ਏ. ਦੀ ਅਗਵਾਈ ਵਿਚ ਕਰਵਾਏ ਗਏ ਧਾਰਮਿਕ ਸਮਾਗਮ ਦੌਰਾਨ ਇਲਾਕੇ ਦੀਆਂ ਪ੍ਰਮੁੱਖ ਧਾਰਮਿਕ, ਸਮਾਜਿਕ ਤੇ ਸੇਵਾਦਾਰ ਸੰਸਥਾਵਾਂ ਦੇ ਮੈਂਬਰਾਂ ਨੇ ਹਾਜ਼ਰੀ ਭਰੀ ਜਿਸ ਵਿਚ ਪੰਥ ਦੇ ਪ੍ਰਸਿੱਧ ਰਾਗੀ ਢਾਡੀ ਜਥਿਆਂ ਨੇ ਸੰਗਤਾਂ ਨੂੰ ਇਲਾਹੀ ਗੁਰਬਾਣੀ ਕੀਰਤਨ ਨਾਲ ਨਿਹਾਲ ਕੀਤਾ | ਇਸ ਮੌਕੇ ਧਾਰਮਿਕ ਸਮਾਗਮ ਦੌਰਾਨ ਭਾਈ ਬਲਦੇਵ ਸਿੰਘ ਵਡਾਲਾ ਸਾਬਕਾ ਹਜ਼ੂਰੀ ਰਾਗੀ ਦਰਬਾਰ ਸਾਹਿਬ, ਸੁਆਮੀ ਸਚਦੇਵਾ ਨੰਦ ਆਲਮਗੀਰ ਲੁਧਿਆਣਾ, ਭਾਈ ਮੰਗਲ ਸਿੰਘ ਜੀ ਹਜ਼ੂਰੀ ਰਾਗੀ ਸ੍ਰੀ ਗਰਨਾ ਸਾਹਿਬ, ਰਾਗੀ ਰੂਪਵੰਤ ਸਿੰਘ, ਭਾਈ ਪ੍ਰਭਜੋਤ ਸਿੰਘ ਟਾਹਲੀ ਨੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਦੇ ਨਾਲ ਨਿਹਾਲ ਕਰਦਿਆਂ ਸਿੱਖ ਕੌਮ ਦੇ ਇਤਿਹਾਸ ਨਾਲ ਜਾਣ ਕਰਵਾਇਆ | ਸਮਾਗਮ ਦੀ ਸ਼ੁਰੂਆਤ ਸ਼ਬਦ ਕੀਰਤਨ ਤੇ ਗੁਰਬਾਣੀ ਪਾਠ ਨਾਲ ਹੋਈ ਜਿਸ ਨਾਲ ਸਾਰਾ ਮਾਹੌਲ ਆਤਮਿਕ ਰੰਗ ਵਿਚ ਰੰਗਿਆ ਗਿਆ | ਆਸ਼ਰਮ ਦੇ ਮੁੱਖ ਸੇਵਾਦਾਰ ਕਸ਼ਮੀਰ ਸਿੰਘ ਸਾਹੀ ਤੇ ਪ੍ਰਬੰਧਕਾਂ ਨੇ ਦੱਸਿਆ ਕਿ ਬਾਬਾ ਮੋਤੀ ਰਾਮ ਮਹਿਰਾ ਅਨਾਥ ਆਸ਼ਰਮ ਬੇਗੋਵਾਲ ਕਈ ਸਾਲਾਂ ਤੋਂ ਲੋੜਵੰਦ ਤੇ ਅਨਾਥ ਬੱਚਿਆਂ ਦੀ ਸਿੱਖਿਆ, ਰਹਿਣ-ਸਹਿਣ ਅਤੇ ਸੰਸਕਾਰਾਂ ਦੀ ਸੰਭਾਲ ਲਈ ਸੇਵਾ ਨਿਭਾ ਰਿਹਾ ਹੈ | ਉਨ੍ਹਾਂ ਨੇ ਸਮਾਜ ਦੇ ਦਾਨੀ ਸੱਜਣਾਂ ਦਾ ਧੰਨਵਾਦ ਕੀਤਾ | ਹਲਕਾ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਸਮਾਗਮ ਵਿਚ ਹਾਜ਼ਰੀ ਭਰਦਿਆਂ ਆਸ਼ਰਮ ਦੇ ਪ੍ਰਬੰਧਕਾਂ ਦੇ ਕਾਰਜਾਂ ਦੀ ਸ਼ਲਾਘਾ ਕੀਤੀ | ਇਸ ਮੌਕੇ ਕੁਲਬੀਰ ਸਿੰਘ, ਗੁਰਚੇਤਨ ਸਿੰਘ, ਸਰਬਜੀਤ ਸਿੰਘ, ਭਗਵੰਤ ਸਿੰਘ, ਜਸਵੀਰ ਕੌਰ, ਕੈਪ. ਜੋਗਿੰਦਰ ਸਿੰਘ, ਜਸਵੰਤ ਸਿੰਘ, ਗੁਰਪ੍ਰੀਤ ਸਿੰਘ, ਸੁਖਜਿੰਦਰ ਸਿੰਘ ਆਦਿ ਹਾਜ਼ਰ ਸਨ | ਸਮਾਗਮ ਵਿਚ ਸਟੇਜ ਦੀ ਸੇਵਾ ਬੱਬੂ ਟਾਹਲੀ ਨੇ ਨਿਭਾਈ |