ਕਪੂਰਥਲਾ, 2 ਫਰਵਰੀ (ਅਮਨਜੋਤ ਸਿੰਘ ਵਾਲੀਆ)- ਜ਼ਿਲ੍ਹਾ ਕਚਹਿਰੀਆਂ ਵਿਚ ਇਕ ਕੇਸ ਦੀ ਗਵਾਹੀ ਦੇਣ ਆਇਆ ਸੇਵਾ ਮੁਕਤ ਏ.ਐਸ.ਆਈ. ਅਚਾਨਕ ਸਿਹਤ ਖ਼ਰਾਬ ਹੋਣ ਕਾਰਨ ਬੇਹੋਸ਼ ਹੋ ਕਿ ਡਿੱਗ ਗਿਆ ਜਿਸ ਨੂੰ ਤੁਰੰਤ ਸਿਵਲ ਹਸਪਤਾਲ ਲਿਜਾਇਆ ਗਿਆ ਜਿੱਥੇ ਡਿਊਟੀ ਡਾਕਟਰ ਨੇ ਉਸਨੂੰ ਮਿ੍ਤਕ ਐਲਾਨ ਦਿੱਤਾ | ਥਾਣਾ ਸਦਰ ਦੇ ਐਸ.ਐਚ.ਓ. ਪ੍ਰਭਜੋਤ ਕੌਰ ਨੇ ਦੱਸਿਆ ਕਿ ਸੇਵਾ-ਮੁਕਤ ਏ.ਐਸ.ਆਈ. ਗੁਰਦਿਆਲ ਸਿੰਘ ਪੁੱਤਰ ਕੇਵਲ ਸਿੰਘ ਵਾਸੀ ਡਿਫੈਂਸ ਕਲੋਨੀ ਜੋ ਕਿ ਅੱਜ ਅਦਾਲਤ 'ਚ ਐਨ.ਡੀ.ਪੀ.ਐਸ. ਦੇ ਕੇਸ ਵਿਚ ਗਵਾਹੀ ਦੇਣ ਗਿਆ ਸੀ ਜਿੱਥੇ ਉਸਦੀ ਅਚਾਨਕ ਤਬੀਅਤ ਖ਼ਰਾਬ ਹੋ ਗਈ ਤੇ ਉਹ ਬੇਹੋਸ਼ ਹੋ ਗਿਆ | ਜਿਸ ਨੂੰ 108 ਐਂਬੂਲੈਂਸ ਦੀ ਸਹਾਇਤਾ ਨਾਲ ਸਿਵਲ ਹਸਪਤਾਲ ਲਿਆਂਦਾ ਗਿਆ ਜਿੱਥੇ ਡਿਊਟੀ ਡਾ. ਸ਼ੈਲਜਾ ਵਲੋਂ ਉਸ ਨੂੰ ਮਿ੍ਤਕ ਐਲਾਨ ਦਿੱਤਾ ਗਿਆ | ਇਸ ਸੰਬੰਧੀ ਐਸ.ਐਚ.ਓ. ਨੇ ਦੱਸਿਆ ਕਿ ਉਸਦੀ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਸਿਵਲ ਹਸਪਤਾਲ ਕਪੂਰਥਲਾ ਦੇ ਮੁਰਦਾ ਘਰ ਵਿਚ ਰਖਵਾ ਦਿੱਤਾ ਗਿਆ ਹੈ ਤੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਤੋਂ ਬਾਅਦ ਅਗਲੇਰੀ ਕਾਰਵਾਈ ਕੀਤੀ ਜਾਵੇਗੀ |