ਕਪੂਰਥਲਾ, 2 ਫਰਵਰੀ (ਵਿਸ਼ੇਸ਼ ਪ੍ਰਤੀਨਿਧ)- ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਮੁੱਖ ਮੰਤਰੀ ਸਿਹਤ ਯੋਜਨਾ ਲਈ ਰਜਿਸਟਰੇਸ਼ਨ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ, ਜਿਸ ਤਹਿਤ ਪੰਜਾਬ ਦੇ ਤਿੰਨ ਕਰੋੜ ਤੋਂ ਵੱਧ ਲੋਕਾਂ ਨੂੰ 10 ਲੱਖ ਤੱਕ ਦੇ ਮੁਫ਼ਤ ਤੇ ਕੈਸ਼ਲੇਸ ਇਲਾਜ ਦੀ ਸਹੂਲਤ ਦਿੱਤੀ ਜਾਵੇਗੀ | ਇਹ ਗੱਲ ਪਰਵਿੰਦਰ ਸਿੰਘ ਢੋਟ ਜ਼ਿਲ੍ਹਾ ਪ੍ਰਧਾਨ ਵਿਰਾਸਤ ਸੇਵਾ ਸੰਗਠਨ ਆਮ ਆਦਮੀ ਪਾਰਟੀ ਨੇ ਇਕ ਬਿਆਨ ਵਿਚ ਕਹੀ | ਉਨ੍ਹਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਦਾ ਮੁੱਖ ਮੰਤਵ ਹਰ ਵਰਗ ਦੇ ਲੋਕਾਂ ਨੂੰ ਬਿਨਾ ਕਿਸੇ ਆਰਥਿਕ ਬੋਝ ਦੇ ਉੱਚ ਪੱਧਰੀ ਸੇਵਾਵਾਂ ਪ੍ਰਦਾਨ ਕਰਨਾ ਹੈ | ਇਸ ਯੋਜਨਾ ਰਾਹੀਂ ਗਰੀਬ, ਮੱਧ ਵਰਗ ਦੇ ਲੋੜਵੰਦ ਪਰਿਵਾਰਾਂ ਨੂੰ ਵੱਡੀ ਰਾਹਤ ਮਿਲੇਗੀ | ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਯੂਥ ਸੇਵਾਵਾਂ ਕਲੱਬ ਦੇ ਮੈਂਬਰ, ਵਲੰਟੀਅਰ ਤੇ ਪਾਰਟੀ ਦੇ ਮੈਂਬਰ ਘਰ-ਘਰ ਜਾ ਕੇ ਲੋਕਾਂ ਦੀ ਰਜਿਸਟਰੇਸ਼ਨ ਕਰਨਗੇ ਤੇ ਹੈਲਥ ਕਾਰਡ ਲਈ ਅਪਵਾਇਟਮੈਂਟ ਸਲਿਪ ਪਿ੍ੰਟ ਕਰਕੇ ਦਿੱਤੀ ਜਾਵੇਗੀ | ਉਨ੍ਹਾਂ ਕਿਹਾ ਕਿ 18 ਸਾਲ ਤੋਂ ਵੱਧ ਉਮਰ ਦੇ ਹਰੇਕ ਵਿਅਕਤੀ ਲਈ ਵੋਟਰ ਕਾਰਡ ਤੇ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਜਨਮ ਸਰਟੀਫਿਕੇਟ ਲਾਜ਼ਮੀ ਹੈ ਤੇ ਆਧਾਰ ਕਾਰਡ ਨਾਲ ਮੋਬਾਈਲ ਨੰਬਰ ਿਲੰਕ ਹੋਣਾ ਚਾਹੀਦਾ ਹੈ ਤੇ ਪੂਰੇ ਪਰਿਵਾਰ ਦੀ ਪਾਸਪੋਰਟ ਹੋਣੀ ਵੀ ਅਤਿ ਜ਼ਰੂਰੀ ਹੈ | ਉਨ੍ਹਾਂ ਕਿਹਾ ਕਿ ਘਰ ਤੋਂ ਮਿਲਣ ਵਾਲੀ ਰਜਿਸਟਰੇਸ਼ਨ ਸਲਿੱਪ ਨਾਲ ਲਾਭਪਾਤਰੀ ਆਪਣੇ ਪਿੰਡ ਜਾਂ ਵਾਰਡ ਦੇ ਮੈਪਡ ਸੀ.ਐਚ.ਸੀ. ਸੈਂਟਰ 'ਤੇ ਜਾ ਕੇ ਆਈ.ਡੀ. ਪਰੂਫ਼ ਤੇ ਫ਼ੋਟੋ ਦੇ ਕੇ ਮੁੱਖ ਮੰਤਰੀ ਸਿਹਤ ਬੀਮਾ ਹੈਲਥ ਕਾਰਡ ਪ੍ਰਾਪਤ ਕਰ ਸਕਦੇ ਹਨ | ਉਨ੍ਹਾਂ ਕਿਹਾ ਕਿ ਇਸ ਯੋਜਨਾ ਤਹਿਤ ਹੈਲਥ ਕਾਰਡ ਬਣਾਉਣ ਤੋਂ ਲੈ ਕੇ ਇਲਾਜ ਦੀ ਸਾਰੀ ਪ੍ਰਕਿਰਿਆ ਪੰਜਾਬ ਸਰਕਾਰ ਵਲੋਂ ਮੁਫ਼ਤ ਕੀਤੀ ਜਾ ਰਹੀ ਹੈ |