ਕਪੂਰਥਲਾ, 4 ਫਰਵਰੀ (ਅਮਨਜੋਤ ਸਿੰਘ ਵਾਲੀਆ)- ਸੁਭਾਨਪੁਰ ਰੋਡ 'ਤੇ ਸੈਕਰਡ ਹਾਰਟ ਸਕੂਲ ਨੇੜੇ ਇੱਕ ਖਾਲੀ ਪਲਾਟ ਵਿਚੋਂ ਅਣਪਛਾਤੇ ਵਿਅਕਤੀ ਦੀ ਲਾਸ਼ ਬਰਾਮਦ ਹੋਣ ਦੀ ਸੂਚਨਾ ਪ੍ਰਾਪਤ ਹੋਈ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਕੋਤਵਾਲੀ ਦੇ ਏ.ਐਸ.ਆਈ. ਸੰਤੋਖ ਸਿੰਘ ਤੇ ਕਾਂਸਟੇਬਲ ਹਰਕੀਰਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਦੇਰ ਸ਼ਾਮ ਸੂਚਨਾ ਮਿਲੀ ਕਿ ਸੁਭਾਨਪੁਰ ਰੋਡ 'ਤੇ ਸੈਕਰਡ ਹਾਰਟ ਸਕੂਲ ਦੇ ਪਿਛਲੇ ਪਾਸੇ ਖਾਲੀ ਪਲਾਟ ਵਿਚ ਇੱਕ ਵਿਅਕਤੀ ਦੀ ਲਾਸ਼ ਪਈ ਹੋਈ ਹੈ ਜਿਸ 'ਤੇ ਉਹ ਪੁਲਿਸ ਪਾਰਟੀ ਸਮੇਤ ਮੌਕੇ 'ਤੇ ਪਹੁੰਚੇ ਤੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਸ਼ਨਾਖ਼ਤ ਲਈ ਸਿਵਲ ਹਸਪਤਾਲ ਕਪੂਰਥਲਾ ਦੇ ਮੁਰਦਾ ਘਰ ਵਿਚ ਰਖਵਾ ਦਿੱਤੀ ਗਈ ਜਿਸ ਦੀ ਬਾਅਦ ਵਿਚ ਸ਼ਨਾਖ਼ਤ ਸੰਨੀ ਕਪੂਰ ਪੁੱਤਰ ਤਰਸੇਮ ਵਾਸੀ ਦੂਲੋਵਾਲ ਵਜੋਂ ਹੋਈ | ਮਿ੍ਤਕ ਵਿਅਕਤੀ ਦੇ ਪਿਤਾ ਨੇ ਦੱਸਿਆ ਕਿ ਉਹ ਸ਼ਹਿਰ ਕੰਮ ਲਈ ਆਇਆ ਸੀ ਤੇ ਬਾਅਦ ਵਿਚ ਘਰ ਨਹੀਂ ਪਰਤਿਆ | ਸਾਨੂੰ ਅੱਜ ਥਾਣਾ ਕੋਤਵਾਲੀ ਤੋਂ ਪਤਾ ਲੱਗਿਆ ਤਾਂ ਅਸੀਂ ਸਿਵਲ ਹਸਪਤਾਲ ਪਹੁੰਚ ਕੇ ਆਪਣੇ ਲੜਕੇ ਦੀ ਸ਼ਨਾਖ਼ਤ ਕੀਤੀ | ਥਾਣਾ ਕੋਤਵਾਲੀ ਵਲੋਂ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ |