ਡਡਵਿੰਡੀ, 4 ਫਰਵਰੀ (ਦਿਲਬਾਗ ਸਿੰਘ ਝੰਡ)- ਸੀਨੀਅਰ ਪੁਲਿਸ ਕਪਤਾਨ ਆਈ.ਪੀ.ਐਸ. ਗੌਰਵ ਤੂਰਾ ਵੱਲੋਂ ਜ਼ਿਲੇ੍ਹ ਅੰਦਰ ਨਸ਼ੇ ਦੇ ਕਾਰੋਬਾਰ ਕਰਨ ਵਾਲਿਆਂ ਖ਼ਿਲਾਫ਼ ਚਲਾਈ ਹੋਈ ਮੁਹਿੰਮ ਤਹਿਤ ਪੁਲਿਸ ਕਪਤਾਨ ਤਫਤੀਸ਼ ਪ੍ਰਭਜੋਤ ਸਿੰਘ ਕਪੂਰਥਲਾ ਤੇ ਧਰੇਂਦਰ ਵਰਮਾ ਆਈ.ਪੀ.ਐਸ. ਸਹਾਇਕ ਪੁਲਿਸ ਕਪਤਾਨ ਸੁਲਤਾਨਪੁਰ ਲੋਧੀ ਦੀਆਂ ਹਦਾਇਤਾਂ ਅਨੁਸਾਰ ਮੁੱਖ ਥਾਣਾ ਅਫ਼ਸਰ ਸੁਲਤਾਨਪੁਰ ਲੋਧੀ ਇੰਸਪੈਕਟਰ ਹਰਿੰਦਰ ਸਿੰਘ ਦੀ ਅਗਵਾਈ ਵਿਚ ਪੁਲਿਸ ਨੇ 140 ਗ੍ਰਾਮ ਹੈਰੋਇਨ ਤੇ 15 ਹਜ਼ਾਰ ਰੁਪਏ ਡਰੱਗ ਮਨੀ ਸਮੇਤ ਇੱਕ ਔਰਤ ਨੂੰ ਗਿ੍ਫ਼ਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਹੈ | ਮੁੱਖ ਥਾਣਾ ਅਫ਼ਸਰ ਇੰਸਪੈਕਟਰ ਹਰਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਚੌਂਕੀ ਮੋਠਾਂਵਾਲ ਦੇ ਇੰਚਾਰਜ ਏ.ਐਸ.ਆਈ. ਪੂਰਨ ਚੰਦ ਪੁਲਿਸ ਪਾਰਟੀ ਸਮੇਤ ਸਰਕਾਰੀ ਗੱਡੀ 'ਤੇ ਇਲਾਕੇ ਦੇ ਪਿੰਡਾਂ 'ਚ ਗਸ਼ਤ ਕਰ ਰਹੇ ਸਨ ਤਾਂ ਲਾਟੀਆਂਵਾਲ ਵਿਖੇ ਉਨ੍ਹਾਂ ਨੇ ਸ਼ੱਕ ਦੇ ਆਧਾਰ 'ਤੇ ਇੱਕ ਔਰਤ ਨੂੰ ਕਾਬੂ ਕੀਤਾ ਜਿਸ ਕੋਲੋਂ 140 ਗ੍ਰਾਮ ਹੈਰੋਇਨ ਤੇ 15,000 ਰੁਪਏ ਡਰੱਗ ਮਨੀ ਬਰਾਮਦ ਹੋਈ ਹੈ | ਉਨ੍ਹਾਂ ਦੱਸਿਆ ਕਿ ਪੁੱਛਗਿੱਛ ਦੌਰਾਨ ਔਰਤ ਦੀ ਪਹਿਚਾਣ ਰਮਨਦੀਪ ਕੌਰ ਉਰਫ਼ ਬਿੱਲੋ ਪਤਨੀ ਅਮਰਪ੍ਰੀਤ ਸਿੰਘ ਵਾਸੀ ਲਾਟੀਆਂਵਾਲ ਥਾਣਾ ਸੁਲਤਾਨਪੁਰ ਲੋਧੀ ਵਜੋਂ ਹੋਈ ਹੈ | ਉਨ੍ਹਾਂ ਦੱਸਿਆ ਕਿ ਉਕਤ ਔਰਤ ਨੇ ਪੁੱਛਗਿੱਛ ਦੌਰਾਨ ਮੰਨਿਆ ਕਿ ਉਹ ਪੈਸੇ ਦੇ ਲਾਲਚ ਵਿਚ ਇਹ ਧੰਦਾ ਕਰਦੀ ਸੀ ਤੇ ਇਸ ਔਰਤ ਖ਼ਿਲਾਫ਼ ਪਹਿਲਾਂ ਵੀ ਮੁਕੱਦਮੇ ਦਰਜ ਹਨ | ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋਂ ਉਕਤ ਔਰਤ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਅਗਲੀ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ |