ਕਪੂਰਥਲਾ, 5 ਫਰਵਰੀ (ਵਿਸ਼ੇਸ਼ ਪ੍ਰਤੀਨਿਧ)- ਲਾਇਲਪੁਰ ਖ਼ਾਲਸਾ ਕਾਲਜ ਅਰਬਨ ਅਸਟੇਟ ਕਪੂਰਥਲਾ ਦੇ ਕਾਮਰਸ ਵਿਭਾਗ ਵਲੋਂ ਅਰਥ ਸ਼ਾਸਤਰ ਵਿਭਾਗ ਦੇ ਸਹਿਯੋਗ ਨਾਲ ਕੇਂਦਰੀ ਬਜਟ ਸੰਬੰਧੀ ਇਕ ਵਿਚਾਰ ਚਰਚਾ ਕਰਵਾਈ ਗਈ ਜਿਸ ਵਿਚ ਮੁੱਖ ਮਹਿਮਾਨ ਵਜੋਂ ਡਾ. ਬਿਕਰਮ ਸਿੰਘ ਵਿਰਕ ਸ਼ਾਮਲ ਹੋਏ | ਉਨ੍ਹਾਂ ਵਿਦਿਆਰਥੀਆਂ ਨੂੰ ਦੇਸ਼ ਦੇ ਆਰਥਿਕ ਵਿਕਾਸ ਵਿਚ ਕੇਂਦਰੀ ਬਜਟ ਦੀ ਭੂਮਿਕਾ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ | ਉਨ੍ਹਾਂ ਵਿਦਿਆਰਥੀਆਂ ਨੂੰ ਬਜਟ ਵਿਚ ਵਿੱਤੀ ਘਾਟਾ ਤੇ ਸੰਤੁਲਿਤ ਬਜਟ ਦੀ ਧਾਰਨਾ ਵਰਗੇ ਮਹੱਤਵਪੂਰਨ ਵਿਸ਼ਿਆਂ ਬਾਰੇ ਉਦਾਹਰਨਾਂ ਦੇ ਕੇ ਸਮਝਾਇਆ ਤੇ ਬਜਟ ਦਾ ਸੰਖੇਪ ਵਿਸ਼ਲੇਸ਼ਣ ਵੀ ਪੇਸ਼ ਕੀਤਾ | ਇਸ ਮੌਕੇ ਕਾਲਜ ਪਿ੍ੰਸੀਪਲ ਡਾ. ਬਲਦੇਵ ਸਿੰਘ ਢਿੱਲੋਂ ਨੇ ਕਿਹਾ ਕਿ ਇਸ ਵਿਚਾਰ ਚਰਚਾ ਦਾ ਮੁੱਖ ਉਦੇਸ਼ ਵਿਦਿਆਰਥੀਆਂ ਵਿਚ ਬਜਟ ਸਬੰਧੀ ਜਾਗਰੂਕਤਾ ਪੈਦਾ ਕਰਕੇ ਉਨ੍ਹਾਂ ਦੀ ਆਰਥਿਕ ਸਮਝ ਨੂੰ ਵਿਕਸਿਤ ਕਰਨਾ ਹੈ | ਉਨ੍ਹਾਂ ਭਾਰਤੀ ਨਾਗਰਿਕ ਲਈ ਕੇਂਦਰੀ ਬਜਟ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ | ਚਰਚਾ ਦੇ ਆਰੰਭ ਵਿਚ ਕਾਮਰਸ ਵਿਭਾਗ ਦੇ ਮੁਖੀ ਪ੍ਰੋ. ਮਨਮੋਹਣ ਕੁਮਾਰ ਨੇ ਮੁੱਖ ਮਹਿਮਾਨ ਤੇ ਹੋਰ ਸ਼ਖ਼ਸੀਅਤਾਂ ਨੂੰ ਜੀ ਆਇਆਂ ਕਿਹਾ ਤੇ ਬਾਅਦ ਵਿਚ ਵਿਦਿਆਰਥੀਆਂ ਵਲੋਂ ਬਜਟ ਸੰਬੰਧੀ ਕੁੱਝ ਪੇਸ਼ਕਾਰੀਆਂ ਦਿੱਤੀਆਂ ਗਈਆਂ | ਇਸ ਮੌਕੇ ਬੀ.ਕਾਮ ਛੇਵੇਂ ਸਮੈਸਟਰ ਦੇ ਵਿਦਿਆਰਥੀ ਨੇ ਕਰ ਸੁਧਾਰਾਂ, ਬੀ.ਬੀ.ਏ. ਛੇਵੇਂ ਸਮੈਸਟਰ ਦੀ ਵਿਦਿਆਰਥਣ ਨੇ ਸਿੱਖਿਆ ਖੇਤਰ, ਬੀ.ਬੀ.ਏ. ਦੂਜਾ ਸਮੈਸਟਰ ਦੀ ਵਿਦਿਆਰਥਣ ਪਲਕ ਨੇ ਸ਼ਹਿਰੀ ਵਿਕਾਸ ਅਤੇ ਸਮਾਰਟ ਸਿਟੀ, ਅਗਮਪ੍ਰੀਤ ਕੌਰ ਨੇ ਡਿਜੀਟਲ ਅਰਥਵਿਵਸਥਾ ਤੇ ਆਈ.ਟੀ. ਖੇਤਰ ਬਾਰੇ ਆਪਣੇ ਵਿਚਾਰ ਪੇਸ਼ ਕੀਤੇ | ਇਸਤੋਂ ਇਲਾਵਾ ਵੱਖ-ਵੱਖ ਜਮਾਤਾਂ ਦੇ ਵਿਦਿਆਰਥੀਆਂ ਨੇ ਬਜਟ ਦੇ ਸੰਦਰਭ ਵਿਚ ਵੱਖ-ਵੱਖ ਵਿਸ਼ਿਆਂ ਬਾਰੇ ਆਪਣੇ ਵਿਚਾਰ ਰੱਖੇ | ਸਮਾਗਮ ਸਬੰਧੀ ਸੰਖੇਪ ਰਿਪੋਰਟ ਪ੍ਰੋ. ਅਮਨਦੀਪ ਕੌਰ ਚੀਮਾ ਵਲੋਂ ਪੇਸ਼ ਕੀਤੀ ਗਈ ਤੇ ਬਾਅਦ ਵਿਚ ਡਾ. ਬਿਕਰਮ ਸਿੰਘ ਵਿਰਕ ਨੇ ਬਜਟ ਸਬੰਧੀ ਵਿਸ਼ਲੇਸ਼ਣਾਆਤਮਿਕ ਪੇਸ਼ਕਾਰੀਆਂ ਦੇਣ ਵਾਲੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਪ੍ਰਦਾਨ ਕੀਤੇ | ਚਰਚਾ ਦੌਰਾਨ ਪ੍ਰੋ. ਸੁਮੀਤ ਸਰਾਓ ਨੇ ਮੰਚ ਸੰਚਾਲਨ ਦੀ ਭੂਮਿਕਾ ਨਿਭਾਈ ਜਦਕਿ ਪ੍ਰੋ. ਅੰਕਿਤਾ ਗਾਂਧੀ ਨੇ ਮੁੱਖ ਮਹਿਮਾਨ ਸਮੇਤ ਚਰਚਾ ਵਿਚ ਸ਼ਾਮਲ ਹੋਈਆਂ ਹੋਰ ਸ਼ਖ਼ਸੀਅਤਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ | ਇਸ ਮੌਕੇ ਪ੍ਰੋ. ਕੰਚਨ ਗੁਪਤਾ, ਪ੍ਰੋ. ਗੁਰਕਮਲ ਕੌਰ, ਪ੍ਰੋ. ਪ੍ਰਭਜੋਤ ਕੌਰ, ਪ੍ਰੋ. ਵਰਿੰਦਰ ਕੌਰ, ਪ੍ਰੋ. ਜਸਪ੍ਰੀਤ ਕੌਰ, ਪ੍ਰੋ. ਦਮਨਜੀਤ ਕੌਰ ਆਦਿ ਹਾਜ਼ਰ ਸਨ |