ਸੁਲਤਾਨਪੁਰ ਲੋਧੀ, 24 ਫਰਵਰੀ (ਪ.ਪ.)-ਪਿਛਲੇ ਸਾਢੇ ਚਾਰ ਸਾਲਾਂ ਤੋਂ ਪੰਜਾਬ ਦੇ ਸਮੁੱਚੇ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਅਣਗੌਲਿਆਂ ਕਰਨ, ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ, ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ, ਵੱਖ ਵੱਖ ਵਿਭਾਗਾਂ ਵਿਚ ਰੈਗੂਲਰ ਭਰਤੀ ਕਰਨ, ਡੀ.ਏ. ਦੀਆਂ ਕਿਸ਼ਤਾਂ ਨੂੰ ਲਾਗੂ ਕਰਵਾਉਣ ਅਤੇ ਹੋਰ ਹੱਕੀ ਮੰਗਾਂ ਨੂੰ ਲੈ ਕੇ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ 8 ਮਾਰਚ ਨੂੰ ਸਰਕਾਰ ਦੇ ਬਜਟ ਸੈਸ਼ਨ ਮੌਕੇ ਪੰਜਾਬ ਵਿਧਾਨ ਦਾ ਘਿਰਾਓ ਕਰੇਗੀ | ਇਸ ਸਬੰਧੀ ਸੁਲਤਾਨਪੁਰ ਲੋਧੀ ਵਿਖੇ ਮੀਟਿੰਗ ਕਰਦਿਆਂ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦੇ ਜਨਰਲ ਸਕੱਤਰ ਤੀਰਥ ਬਾਸੀ ਨੇ ਕਿਹਾ ਕਿ ਮੌਜੂਦਾ ਸਰਕਾਰ ਨੇ ਆਪਣੇ ਸ਼ਾਸਨ ਦੌਰਾਨ ਮੁਲਾਜ਼ਮਾਂ ਦੀਆਂ ਮੰਗਾਂ ਵੱਲ ਧਿਆਨ ਨਹੀਂ ਦਿੱਤਾ | ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਲਈ ਸਾਢੇ ਚਾਰ ਸਾਲਾਂ ਪਹਿਲਾਂ ਕੀਤਾ ਗਿਆ ਨੋਟੀਫ਼ਿਕੇਸ਼ਨ ਝੂਠਾ ਸਾਬਿਤ ਹੋਇਆ ਹੈ | ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਕੋਲੋਂ ਅਜੇ ਤੱਕ ਪੇ ਕਮਿਸ਼ਨ ਦੀ ਰਿਪੋਰਟ ਵੀ ਪੂਰੀ ਤਰ੍ਹਾਂ ਲਾਗੂ ਨਹੀਂ ਕੀਤੀ ਗਈ ਅਤੇ ਨਾ ਹੀ ਮੁਲਾਜ਼ਮਾਂ ਦਾ ਬਕਾਇਆ 16 ਫ਼ੀਸਦੀ ਡੀ ਏ ਨਹੀਂ ਦਿੱਤਾ ਜਾ ਸਕਿਆ | ਉਨ੍ਹਾਂ ਨੇ ਕਿਹਾ ਆਈ.ਏ.ਐਸ. ਤੇ ਪੀ.ਸੀ.ਐਸ. ਅਧਿਕਾਰੀਆਂ ਨੂੰ ਤਾਂ ਡੀ ਏ ਦੀਆਂ ਕਿਸ਼ਤਾਂ ਦਿੱਤੀਆਂ ਜਾ ਸਕਦੀਆਂ ਹਨ ਤਾਂ ਕੰਮ ਕਰਨ ਵਾਲੇ ਮੁਲਾਜ਼ਮਾਂ ਨੂੰ ਕਿਉਂ ਨਹੀਂ | ਉਨ੍ਹਾਂ ਨੇ ਕਿਹਾ ਕਿ 26 ਤਰੀਕ ਨੂੰ ਜ਼ਿਲ੍ਹਾ ਹੈਡਕੁਆਰਟਰਾਂ ਤੇ ਮੰਗ ਪੱਤਰ ਦਿੱਤੇ ਜਾਣਗੇ | ਇਸ ਮੌਕੇ ਜ਼ਿਲ੍ਹਾ ਜਨਰਲ ਸਕੱਤਰ ਤਰਮਿੰਦਰ ਸਿੰਘ ਮੱਲ੍ਹੀ, ਸੁਖਚੈਨ ਸਿੰਘ ਬੱਧਨ, ਮਾਸਟਰ ਨਰੇਸ਼ ਕੋਹਲੀ, ਸੰਦੀਪ ਸਿੰਘ ਦੁਰਗਾਪੁਰ, ਪ੍ਰਦੀਪ ਸਿੰਘ ਘੁੰਮਾਣ, ਨਿਰਮਲ ਸਿੰਘ ਚੰਦੀ ਬੂਲਪੁਰ, ਜਗਜੀਤ ਸਿੰਘ, ਜੁਗਿੰਦਰ ਸਿੰਘ ਜੋਗੀ, ਪਰਮਿੰਦਰ ਸਿੰਘ ਆਰ.ਸੀ.ਐਫ., ਅਸ਼ਵਨੀ ਕੁਮਾਰ ਆਦਿ ਹਾਜ਼ਰ ਸਨ |