ਕਪੂਰਥਲਾ, 25 ਫਰਵਰੀ (ਵਿ.ਪ੍ਰ.)- ਹਿੰਦੂ ਕੰਨਿਆ ਕਾਲਜ ਕਪੂਰਥਲਾ ਦੇ ਉੱਨਤ ਭਾਰਤ ਅਭਿਆਨ ਸੈੱਲ ਵਲੋਂ ਸਰਕਾਰੀ ਐਲੀਮੈਂਟਰੀ ਸਕੂਲ ਭਗਵਾਨਪੁਰ ਵਿਚ ਮੈਡੀਕਲ ਕੈਂਪ ਲਗਾਇਆ ਗਿਆ ਜਿਸ ਵਿਚ ਸਿਵਲ ਹਸਪਤਾਲ ਕਪੂਰਥਲਾ ਦੀ ਮੈਡੀਕਲ ਲੈਬਾਰਟਰੀ ਟੈਕਨੀਸ਼ੀਅਨ ਡਾ. ਭੁਵਨੇਸ਼ਵਰੀ ਤੇ ਡਾ. ਰੀਪਿਕਾ ਨੇ 35 ਪਿੰਡ ਵਾਸੀਆਂ ਦਾ ਜਨਰਲ ਮੈਡੀਕਲ ਚੈੱਕਅਪ ਕੀਤਾ | ਇਸੇ ਦੌਰਾਨ ਕੈਂਪ 'ਚ ਆਏ ਲੋਕਾਂ ਦੇ ਹੀਮੋਗਲੋਬਿਨ ਦੇ ਪੱਧਰ ਦੀ ਜਾਂਚ ਵੀ ਕੀਤੀ ਗਈ | ਡਾ. ਭੁਵਨੇਸ਼ਵਰੀ ਨੇ ਪਿੰਡ ਵਾਸੀਆਂ ਨੂੰ ਸਿਹਤ ਪ੍ਰਤੀ ਜਾਗਰੂਕ ਕਰਨ ਦੇ ਨਾਲ ਨਾਲ ਉਨ੍ਹਾਂ ਨੂੰ ਵੱਖ-ਵੱਖ ਸਾਵਧਾਨੀਆਂ ਵਰਤਣ ਦੀ ਵੀ ਸਲਾਹ ਦਿੱਤੀ | ਕਾਲਜ ਪਿ੍ੰਸੀਪਲ ਡਾ. ਅਰਚਨਾ ਗਰਗ ਨੇ ਉੱਨਤ ਭਾਰਤ ਅਭਿਆਨ ਸੈੱਲ ਵਲੋਂ ਵਿਦਿਆਰਥੀ ਵਲੰਟੀਅਰਾਂ ਤੇ ਆਮ ਲੋਕਾਂ 'ਚ ਸਿਹਤ ਬਾਰੇ ਜਾਗਰੂਕਤਾ ਪੈਦਾ ਕਰਨ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ | ਸੈੱਲ ਦੀ ਇੰਚਾਰਜ ਡਾ. ਅਨੂਪਮ ਸਭਰਵਾਲ ਤੇ ਵਰਿੰਦਰ ਕੌਰ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ |