ਨਡਾਲਾ, 25 ਫਰਵਰੀ (ਰਘਬਿੰਦਰ ਸਿੰਘ)-ਕਸਬਾ ਨਡਾਲਾ ਵਿਚ ਲੋਕਾਂ ਦੀ ਸੁਵਿਧਾ ਲਈ ਮੁੱਖ ਮੰਤਰੀ ਸਿਹਤ ਜੀਵਨ ਬੀਮਾ ਯੋਜਨਾ ਅਧੀਨ ਕਾਰਡ ਬਣਾਉਣ ਲਈ ਅੱਜ ਵਾਰਡ ਨੰਬਰ 2 ਵਿਖੇ ਕੌਂਸਲਰ ਮੋਨਿਕਾ ਅਰੋੜਾ ਦੇ ਗ੍ਰਹਿ ਵਿਖੇ ਵਿਸ਼ੇਸ਼ ਕੈਂਪ ਲਗਾਇਆ ਗਿਆ | ਇਸ ਤੋ ਪਹਿਲਾ ਇਹ ਕੈਂਪ ਵਾਰਡ ਨੰਬਰ 1 ਵਿਚ ਲਗਾਇਆ ਗਿਆ ਸੀ | ਇਸ ਕੈਂਪ ਦੌਰਾਨ ਵੱਡੀ ਗਿਣਤੀ ਵਿਚ ਇਲਾਕਾ ਵਾਸੀਆਂ ਨੇ ਹਾਜ਼ਰੀ ਭਰ ਕੇ ਆਪਣੇ ਸਿਹਤ ਬੀਮਾ ਕਾਰਡ ਬਣਵਾਏ | ਕੈਂਪ ਵਿਚ ਮੌਜੂਦ ਕਰਮਚਾਰੀਆਂ ਵੱਲੋਂ ਆਏ ਹੋਏ ਲੋਕਾਂ ਨੂੰ ਯੋਜਨਾ ਦੇ ਫ਼ਾਇਦਿਆਂ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਲੋੜੀਂਦੇ ਦਸਤਾਵੇਜ਼ਾਂ ਦੀ ਜਾਂਚ ਕਰਕੇ ਤੁਰੰਤ ਕਾਰਡ ਤਿਆਰ ਕੀਤੇ ਗਏ | ਲੋਕਾਂ ਨੇ ਸਰਕਾਰ ਦੀ ਇਸ ਪਹਿਲ ਦੀ ਸਰਾਹਨਾ ਕਰਦਿਆਂ ਕਿਹਾ ਕਿ ਅਜਿਹੇ ਕੈਂਪਾਂ ਨਾਲ ਆਮ ਜਨਤਾ ਨੂੰ ਕਾਫ਼ੀ ਰਾਹਤ ਮਿਲਦੀ ਹੈ | ਇਸ ਮੌਕੇ ਗੱਲਬਾਤ ਕਰਦਿਆਂ ਕੌਂਸਲਰ ਦੇ ਪਤੀ ਸੰਦੀਪ ਟੋਨੀ, ਯੂਥ ਕੋਆਰਡੀਨੇਟਰ ਸੰਦੀਪ ਕੁਮਾਰ, ਬਲਾਕ ਪ੍ਰਧਾਨ ਹੈਪੀ ਖੱਖ ਨੇ ਦੱਸਿਆ ਕਿ ਇਹ ਯੋਜਨਾ ਗ਼ਰੀਬ ਅਤੇ ਲੋੜਵੰਦ ਪਰਿਵਾਰਾਂ ਲਈ ਸਿਹਤ ਸਹੂਲਤਾਂ ਪ੍ਰਾਪਤ ਕਰਨ ਵਿਚ ਮਦਦਗਾਰ ਸਾਬਤ ਹੋ ਰਹੀ ਹੈ ਅਤੇ ਭਵਿੱਖ ਵਿਚ ਵੀ ਇਸ ਤਰ੍ਹਾਂ ਦੇ ਕੈਂਪ ਜਾਰੀ ਰਹਿਣਗੇ |