ਨਡਾਲਾ, 25 ਫਰਵਰੀ (ਰਘਬਿੰਦਰ ਸਿੰਘ)- ਸਥਾਨਕ ਗੁਰੂ ਨਾਨਕ ਪ੍ਰੇਮ ਕਰਮਸਰ ਕਾਲਜ ਵਿਖੇ ਕਾਲਜ ਦੇ ਰੈੱਡ ਰਿਬਨ ਕਲੱਬ ਵਲੋਂ ਨਸ਼ੇ, ਟੀ.ਬੀ., ਏਡਜ਼ ਤੇ ਮਾਨਸਿਕ ਤਣਾਅ ਆਦਿ ਵਿਸ਼ਿਆਂ ਤੇ ਦੋ ਨੁੱਕੜ ਨਾਟਕਾਂ ਦਾ ਮੰਚਨ ਕੀਤਾ ਗਿਆ | ਇਹ ਨਾਟਕ 'ਭਗਤ ਨਾਮਦੇਵ ਥੀਏਟਰੀਕਲ ਸੁਸਾਇਟੀ ਘੁਮਾਣ' ਦੀ ਟੀਮ ਵਲੋਂ ਪਿ੍ਤਪਾਲ ਸਿੰਘ ਦੀ ਕਲਾਕਾਰੀ ਹੇਠ ਖੇਡੇ ਗਏ | ਇਨ੍ਹਾਂ ਨਾਟਕਾਂ ਦੇ ਵਿਸ਼ੇ ਨਸ਼ਿਆਂ ਤੋਂ ਦੂਰ ਰਹਿਣ, ਏਡਜ਼ ਦੀ ਬਿਮਾਰੀ ਤੋਂ ਬਚਾਅ ਤੇ ਤਣਾਅ ਮੁਕਤ ਜੀਵਨ ਜਿਊਣ ਦੇ ਸਨ | ਉਪਰੰਤ ਕਾਲਜ ਪਿ੍ੰਸੀਪਲ ਪ੍ਰੋ. ਜਗਬੀਰ ਭੁੱਲਰ ਵਲੋਂ ਆਈ ਟੀਮ ਦਾ ਧੰਨਵਾਦ ਕਰਦਿਆਂ ਕਲਾਕਾਰਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ | ਕਾਲਜ ਦੇ ਕਾਰਜਕਾਰੀ ਪਿ੍ੰਸੀਪਲ ਨੇ ਅਜੋਕੇ ਯੁੱਗ 'ਚ ਵਿਦਿਆਰਥੀਆਂ ਨੂੰ ਸਿਹਤਮੰਦ ਜ਼ਿੰਦਗੀ ਜਿਊਣ ਤੇ ਤਣਾਅ ਮੁਕਤ ਰਹਿ ਕੇ ਅੱਗੇ ਵਧਣ ਲਈ ਪ੍ਰੇਰਿਤ ਕੀਤਾ | ਸੈਮੀਨਾਰ ਰੈੱਡ ਰਿਬਨ ਕਲੱਬ ਦੇ ਇੰਚਾਰਜ ਪ੍ਰੋ. ਅਮਨਪ੍ਰੀਤ ਰਾਣਾ ਵਲੋਂ ਕਰਵਾਇਆ ਗਿਆ | ਇਸ ਮੌਕੇ ਡਾ. ਨਵਪ੍ਰੀਤ ਕੌਰ, ਡਾ. ਰਣਜੀਤ ਕੌਰ, ਡਾ. ਨਵਨੀਤ ਸਿੰਘ, ਪ੍ਰੋ. ਸਰਬਜੀਤ ਸਿੰਘ, ਪ੍ਰੋ. ਮਲਵਿੰਦਰ ਕੌਰ, ਪ੍ਰੋ. ਹਰਜੀਤ ਸਿੰਘ, ਪ੍ਰੋ. ਰਮਨਪ੍ਰੀਤ ਕੌਰ, ਪ੍ਰੋ. ਰਮਨਦੀਪ ਕੌਰ, ਦਫ਼ਤਰ ਨਿਗਰਾਨ ਸੁਖਵਿੰਦਰ ਸਿੰਘ ਸਮੇਤ ਸਮੂਹ ਸਟਾਫ਼ ਮੈਂਬਰਾਨ ਹਾਜ਼ਰ ਸਨ | ਸਟੇਜ ਦਾ ਸੰਚਾਲਨ ਪ੍ਰੋ. ਸਰਬਜੀਤ ਸਿੰਘ ਨੇ ਕੀਤਾ |