ਭੁਲੱਥ, 6 ਮਾਰਚ (ਮੇਹਰ ਚੰਦ ਸਿੱਧੂ)-2011 ਤੋਂ ਪਹਿਲਾਂ ਵਾਲੇ ਅਧਿਆਪਕਾਂ ਲਈ ਟੈੱਟ ਦੀ ਬੇਲੋੜੀ ਸ਼ਰਤ ਸਰਕਾਰ ਖ਼ਤਮ ਕਰੇ | ਇਹ ਪ੍ਰਗਟਾਵਾ ਕਰਦਿਆਂ ਬਹੁਜਨ ਮੁਕਤੀ ਪਾਰਟੀ ਪੰਜਾਬ ਦੇ ਜਨਰਲ ਸਕੱਤਰ ਮਾਸਟਰ ਰਾਜਪਾਲ ਨੇ ਸਰਕਾਰ ਪਾਸੋਂ ਮੰਗ ਕਰਦਿਆਂ ਕਿਹਾ ਕਿ 2011 ਤੋਂ ਪਹਿਲਾਂ ਵਾਲੇ ਨਿਯੁਕਤ ਅਧਿਆਪਕ ਯੋਗਤਾ ਟੈੱਸਟ ਟੈੱਟ ਦੀ ਸ਼ਰਤ ਖ਼ਤਮ ਕਰਕੇ ਸਮੂਹ ਅਧਿਆਪਕ ਵਰਗ ਨੂੰ ਇਨਸਾਫ਼ ਦਿੱਤਾ ਜਾਵੇ | ਉਨ੍ਹਾਂ ਕਿਹਾ ਕਿ ਸੰਨ 2011 ਤੋਂ ਪਹਿਲਾਂ ਇਹ ਸ਼ਰਤ ਲਾਗੂ ਨਹੀਂ ਸੀ, ਇਹ ਸ਼ਰਤ ਸਿਰਫ਼ ਸਰਵਿਸ 'ਚ ਪ੍ਰਵੇਸ਼ ਵਾਸਤੇ ਹੈ ਨਾ ਕਿ ਤਰੱਕੀ ਵਾਸਤੇ | ਹੁਣ ਸਰਕਾਰ ਨੇ 2011 ਤੋਂ ਪਹਿਲਾਂ ਨਿਯੁਕਤ ਹੋਏ ਅਧਿਆਪਕਾਂ ਵਿਚ ਨਿਰਾਸ਼ਾ ਪੈਦਾ ਕਰ ਦਿੱਤੀ ਹੈ, ਜਦਕਿ ਸਰਕਾਰ ਆਈ. ਏ. ਐਸ. ਜਾਂ ਪੀ. ਸੀ. ਐਸ. ਅਫ਼ਸਰਾਂ ਦੀ ਤਰੱਕੀ ਤੇ ਦੁਆਰਾ ਚਾਰ ਪੀ. ਸੀ. ਐਸ. ਜਾਂ ਪੀ. ਪੀ. ਐਸ. ਸੀ. ਪ੍ਰੀਖਿਆ ਪਾਸ ਹੋਏ ਅਫ਼ਸਰਾਂ ਨੂੰ ਦੁਬਾਰਾ ਪਾਸ ਕਰਨ ਦੀ ਸ਼ਰਤ ਲਾਗੂ ਕਰਦੀ ਹੈ ਤਾਂ ਉਹ ਕਦੇ ਵੀ ਪਾਸ ਨਹੀਂ ਕਰ ਸਕਣਗੇ | ਜਦ ਕਿ ਪੀ. ਐਸ. ਸੀ. ਜਾਂ ਪੀ. ਪੀ. ਐਸ. ਸੀ. ਦਾ ਵਿਸ਼ੇਸ਼ ਸਿਲੇਬਸ ਹੁੰਦਾ ਹੈ, ਪਰ ਟੈੱਟ ਦਾ ਕੋਈ ਵਿਸ਼ੇਸ਼ ਸਿਲੇਬਸ ਨਹੀਂ | ਉਨ੍ਹਾਂ ਕਿਹਾ ਕਿ ਇਹ ਸਰਾਸਰ ਸਰਕਾਰ ਦੀ ਅਧਿਆਪਕਾਂ ਪ੍ਰਤੀ ਬੇਇਨਸਾਫੀ ਹੈ | ਜਦੋਂ ਟੈੱਟ ਦੀ ਸ਼ਰਤ ਨਹੀਂ ਸੀ, ਉਦੋਂ ਪ੍ਰਾਈਵੇਟ ਸਕੂਲ ਬਹੁਤ ਘੱਟ ਸਨ, ਉਨ੍ਹਾਂ ਕਿਹਾ ਕਿ ਸਾਰੇ ਡਾਕਟਰ, ਇੰਜੀਨੀਅਰ, ਪ੍ਰੋਫੈਸਰ, ਆਈ. ਏ. ਐਸ., ਪੀ. ਸੀ. ਐਸ., ਸਰਕਾਰੀ ਸਕੂਲਾਂ 'ਚੋਂ ਪੜ੍ਹ ਕੇ ਹੀ ਬਣਦੇ ਸਨ, ਪਰ ਸਰਕਾਰ ਨੇ ਹੀ ਸਿੱਖਿਆ ਵਿਚ ਪਾੜਾ ਪਾ ਕੇ ਅਮੀਰਾਂ ਬੱਚਿਆਂ ਲਈ ਨਿੱਜੀ ਸਕੂਲ ਤੇ ਗਰੀਬਾਂ ਦੇ ਬੱਚਿਆਂ ਲਈ ਸਰਕਾਰੀ ਸਕੂਲ ਦਾ ਨਿਰਮਾਣ ਕੀਤਾ ਹੈ, ਇਹ ਸਿੱਖਿਆ ਖੇਤਰ ਅੰਦਰ ਪਾੜਾ ਸਿਹਤਮੰਦ ਸਮਾਜ ਦੇ ਹਿਤ ਵਿਚ ਨਹੀਂ ਹੈ |