ਨਡਾਲਾ, 9 ਮਾਰਚ (ਰਘਬਿੰਦਰ ਸਿੰਘ)-ਇਨੀਂ ਦਿਨੀਂ ਕਸਬਾ ਨਡਾਲਾ 'ਚ ਪੀਣ ਵਾਲੇ ਪਾਣੀ ਦੀ ਨਵੀਂ ਪਾਈਪ ਲਾਈਨ ਵਿਛਾਉਣ ਦਾ ਕੰਮ ਚੱਲ ਰਿਹਾ ਹੈ, ਜਿਸ ਕਾਰਨ ਕਸਬੇ ਦੀਆਂ ਕਈ ਗਲੀਆਂ ਤੇ ਸੜਕ ਕਿਨਾਰਿਆਂ ਤੋਂ ਪੁੱਟੀ ਗਈ ਹੈ ਤੇ ਹੁਣ ਤਾਂ ਗਲੀਆਂ ਪੁੱਟੀਆਂ ਨੂੰ ਵੀ ਕਾਫ਼ੀ ਸਮਾਂ ਬੀਤ ਗਿਆ ਹੈ, ਪਰ ਵਿਭਾਗ ਵਲੋਂ ਪੁੱਟੀਆਂ ਕਈ ਗਲੀਆਂ ਦੀ ਮੁਰੰਮਤ ਅਜੇ ਬਾਕੀ ਹੈ, ਜਿਸ ਕਾਰਨ ਲੋਕਾਂ ਨੂੰ ਆਵਾਜਾਈ ਵਿਚ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇਲਾਕਾ ਵਾਸੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਜਿਹੜੀਆਂ ਗਲੀਆਂ ਪਾਈਪ ਲਾਈਨ ਪਾਉਣ ਲਈ ਪੁੱਟੀਆਂ ਗਈਆਂ ਹਨ, ਉਨ੍ਹਾਂ ਦੀ ਜਲਦੀ ਮੁਰੰਮਤ ਕਰਵਾਈ ਜਾਵੇ | ਲੋਕਾਂ ਨੇ ਦੱਸਿਆ ਕਿ ਗਲੀਆਂ ਪੁੱਟੇ ਜਾਣ ਤੋਂ ਬਾਅਦ ਉਨ੍ਹਾਂ ਨੂੰ ਠੀਕ ਨਹੀਂ ਕੀਤਾ ਗਿਆ, ਜਿਸ ਨਾਲ ਮੀਂਹ ਪੈਣ ਸਮੇਂ ਚਿੱਕੜ ਬਣ ਜਾਂਦਾ ਹੈ ਤੇ ਵਾਹਨਾਂ ਤੇ ਪੈਦਲ ਆਉਣ ਜਾਣ ਵਾਲਿਆਂ ਨੂੰ ਕਾਫ਼ੀ ਪ੍ਰੇਸ਼ਾਨੀ ਹੁੰਦੀ ਹੈ | ਇਲਾਕਾ ਵਾਸੀਆਂ ਨੇ ਸੰਬੰਧਿਤ ਵਿਭਾਗ ਨੂੰ ਅਪੀਲ ਕੀਤੀ ਹੈ ਕਿ ਲੋਕਾਂ ਦੀਆਂ ਸਮੱਸਿਆਵਾਂ ਨੂੰ ਧਿਆਨ ਵਿਚ ਰੱਖਦਿਆਂ ਗਲੀਆਂ ਦੀ ਤੁਰੰਤ ਮੁਰੰਮਤ ਕਰਵਾਈ ਜਾਵੇ ਤਾਂ ਜੋ ਆਵਾਜਾਈ ਸੁਚਾਰੂ ਹੋ ਸਕੇ | ਇਸ ਸੰਬੰਧੀ ਵਿਭਾਗ ਦੇ ਜੇ. ਈ. ਐਨ. ਪੀ. ਬਿਸ਼ਨੋਈ ਬਾਲ ਨੇ ਦੱਸਿਆ ਕਿ ਹੋਲੀ ਦੇ ਤਿਉਹਾਰ ਕਰਕੇ ਲੇਬਰ ਆਪਣੇ ਵਤਨਾਂ ਨੂੰ ਗਈ ਹੋਈ ਜਿਵੇਂ ਹੀ ਲੇਬਰ ਵਾਪਸ ਆਉਂਦੀ ਹੈ ਤਾਂ ਤੁਰੰਤ ਗਲੀਆਂ ਦੀ ਰਿਪੇਅਰ ਕਰ ਦਿੱਤੀ ਜਾਵੇਗੀ |