ਸੁਭਾਨਪੁਰ, 10 ਮਾਰਚ (ਸਤਨਾਮ ਸਿੰਘ)-14 ਮਾਰਚ ਨੂੰ ਭਾਜਪਾ ਵਲੋਂ ਬਦਲਾਓ ਰੈਲੀ ਵਿਚ ਹਲਕਾ ਭੁਲੱਥ ਦੇ ਵੱਖ ਵੱਖ ਪਿੰਡਾਂ 'ਚੋਂ ਵੱਡੀ ਗਿਣਤੀ ਵਿਚ ਭਾਜਪਾ ਸਮਰਥਕ ਪਹੁੰਚ ਕੇ ਰੈਲੀ ਨੂੰ ਸਫਲ ਬਣਾਉਣਗੇ | ਇਹ ਗੱਲ ਹਲਕਾ ਇੰਚਾਰਜ ਅਮਨਦੀਪ ਸਿੰਘ ਗੋਰਾ ਗਿੱਲ ਨੇ ਪਿੰਡ ਮੁਰਾਰ ਵਿਖੇ ਵਿਪਨ ਕੁਮਾਰ ਲਾਡੀ ਦੇ ਗ੍ਰਹਿ ਵਿਖੇ ਇਕ ਮੀਟਿੰਗ ਦੌਰਾਨ ਕਹੀ | ਉਨ੍ਹਾਂ ਕਿਹਾ ਕਿ ਇਸ ਮੀਟਿੰਗ ਵਿਚ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਵਿਸ਼ੇਸ਼ ਤੌਰ 'ਤੇ ਪਹੁੰਚ ਰਹੇ ਹਨ | ਜਿਸ ਵਿਚ ਪੰਜਾਬ ਦੇ ਵਿਕਾਸ ਪੱਖੋਂ ਹਾਲਾਤ ਦੇਖ ਕੇ ਉਹ ਕੋਈ ਵੱਡਾ ਐਲਾਨ ਵੀ ਕਰ ਸਕਦੇ ਹਨ | ਉਨ੍ਹਾਂ ਕਿਹਾ ਕਿ ਲੋਕਾਂ ਵਲੋਂ ਮਿਲ ਰਹੇ ਹੁੰਗਾਰੇ ਤੋਂ ਇਹ ਗੱਲ ਸਾਬਤ ਹੋ ਰਹੀ ਹੈ ਕੇ 2027 ਵਿਚ ਪੰਜਾਬ ਵਿਚ ਭਾਜਪਾ ਦੀ ਸਰਕਾਰ ਬਣਨੀ ਤਹਿ ਹੈ | ਉਨ੍ਹਾਂ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਭਾਰਤ ਦੇਸ਼ ਦੇ ਪਿੰਡਾ ਤੇ ਸ਼ਹਿਰਾਂ ਦਾ ਵਿਕਾਸ ਜੰਗੀ ਪੱਧਰ 'ਤੇ ਕਰਵਾਇਆ ਜਾ ਰਿਹਾ ਹੈ | ਉਨ੍ਹਾਂ ਕਿਹਾ ਅਗਰ ਪੰਜਾਬ ਵਿਚ ਵੀ ਭਾਜਪਾ ਦੀ ਸਰਕਾਰ ਬਣੇਗੀ ਤਾਂ ਡਬਲ ਇੰਜਣ ਵਾਲੀ ਸਰਕਾਰ ਬਣਨ ਦੇ ਨਾਲ ਲੋਕਾਂ ਨੂੰ ਸਾਰੀਆਂ ਹੀ ਪ੍ਰੇਸ਼ਾਨੀਆਂ ਤੋਂ ਨਿਜਾਤ ਮਿਲੇਗੀ | ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ 14 ਮਾਰਚ ਨੂੰ ਮੋਗਾ ਵਿਖੇ ਭਾਜਪਾ ਬਦਲਾਓ ਰੈਲੀ ਵਿਚ ਵੱਧ ਤੋਂ ਵੱਧ ਪਹੁੰਚੋ ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਵਿਚਾਰ ਸੁਣੋ | ਇਸੇ ਤਰ੍ਹਾਂ ਅਮਨਦੀਪ ਸਿੰਘ ਗੋਰਾ ਗਿੱਲ ਵਲੋਂ ਨਜ਼ਦੀਕੀ ਪਿੰਡ ਹੰਬੋਵਾਲ ਵਿਖੇ ਰੈਲੀ ਸਬੰਧੀ ਲੋਕਾਂ ਨੂੰ ਲਾਮਬੰਦ ਕੀਤਾ |