ਫਗਵਾੜਾ, 10 ਮਾਰਚ (ਅਸ਼ੋਕ ਕੁਮਾਰ ਵਾਲੀਆ)-ਪ੍ਰਦੇਸ਼ਕ ਦਿਹਾਤੀ ਵਿਕਾਸ ਤੇ ਪੰਚਾਇਤੀ ਰਾਜ ਸੰਸਥਾ ਵਲੋਂ ਨਵੀਂ ਬਣੀਆਂ ਪੰਚਾਇਤਾਂ ਨੂੰ ਪੰਚਾਇਤਾਂ ਦੀ ਕਾਰਜ ਪ੍ਰਣਾਲੀ ਅਤੇ ਪੰਚਾਇਤਾਂ ਦੇ ਅਧਿਕਾਰਾਂ ਬਾਰੇ ਜਾਣੂ ਕਰਵਾਉਣ, ਪਿੰਡਾਂ ਦੇ ਸਰਬ ਪੱਖੀ ਵਿਕਾਸ ਅਤੇ ਪੰਚਾਇਤੀ ਰਾਜ ਪ੍ਰਣਾਲੀ ਨੂੰ ਹੋਰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਗ੍ਰਾਮ ਪੰਚਾਇਤ ਵਿਕਾਸ ਯੋਜਨਾ ਦੀ ਤਿਆਰੀ 'ਸਾਡੀ ਯੋਜਨਾ, ਸਾਡਾ ਵਿਕਾਸ' ਤਹਿਤ ਕੈਂਪ ਬੀ. ਡੀ. ਪੀ. ਓ. ਦਫ਼ਤਰ ਫਗਵਾੜਾ ਵਿਖੇ 10 ਮਾਰਚ ਤੋਂ ਕੈਂਪਾਂ ਦੀ ਲੜੀ ਜਾਰੀ ਹੈ, ਜੋ ਕਿ 12 ਮਾਰਚ ਨੂੰ ਸਮਾਪਤ ਹੋਵੇਗੀ | ਕੈਂਪ ਵਿਚ ਬਲਾਕ ਫਗਵਾੜਾ ਦੇ ਵੱਖ-ਵੱਖ ਪਿੰਡਾਂ ਤੋਂ ਆਏ ਸਰਪੰਚਾਂ, ਪੰਚਾਂ, ਆਸ਼ਾ ਵਰਕਰਾਂ, ਆਂਗਣਵਾੜੀ ਵਰਕਰਾਂ ਅਤੇ ਅਧਿਆਪਕਾਂ ਨੇ ਵੱਡੀ ਗਿਣਤੀ ਵਿਚ ਭਾਗ ਲਿਆ | ਪਹਿਲੀ ਵਾਰ ਬਣੇ ਸਰਪੰਚਾਂ ਤੇ ਪੰਚਾਇਤ ਮੈਂਬਰਾਂ ਤੋਂ ਇਲਾਵਾ ਬਲਾਕ ਸੰਮਤੀ ਮੈਂਬਰਾਂ 'ਚ ਇਸ ਟ੍ਰੇਨਿੰਗ ਕੈਂਪ ਨੂੰ ਲੈ ਕੇ ਭਾਰੀ ਉਤਸ਼ਾਹ ਦੇਖਿਆ | ਕੈਂਪ ਦੌਰਾਨ ਸੁਭਾਸ਼ ਸਿੰਘ ਰਿਸੋਰਸ ਪਰਸਨ ਨੇ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਪੰਚਾਇਤਾਂ ਪਿੰਡਾਂ ਦੇ ਵਿਕਾਸ ਦੀ ਨੀਂਹ ਹੁੰਦੀਆਂ ਹਨ ਤੇ ਉਨ੍ਹਾਂ ਦੀ ਸਹੀ ਟ੍ਰੇਨਿੰਗ ਨਾਲ ਹੀ ਸਰਕਾਰੀ ਯੋਜਨਾਵਾਂ ਨੂੰ ਜ਼ਮੀਨੀ ਪੱਧਰ 'ਤੇ ਸਫਲਤਾਪੂਰਵਕ ਲਾਗੂ ਕੀਤਾ ਜਾ ਸਕਦਾ ਹੈ | ਉਨ੍ਹਾਂ ਕਿਹਾ ਕਿ ਸਰਪੰਚ, ਪੰਚ, ਬਲਾਕ ਸੰਮਤੀ ਮੈਂਬਰ, ਆਂਗਣਵਾੜੀ ਵਰਕਰ ਜਨਤਾ ਅਤੇ ਸਰਕਾਰ ਦਰਮਿਆਨ ਇੱਕ ਮਹੱਤਵਪੂਰਨ ਕੜੀ ਬਣਦੇ ਹਨ, ਇਨ੍ਹਾਂ ਦਾ ਜਾਗਰੂਕ ਤੇ ਜ਼ਿੰਮੇਵਾਰ ਹੋਣਾ ਬਹੁਤ ਲਾਜ਼ਮੀ ਹੈ | ਉਨ੍ਹਾਂ ਨੇ ਪੰਚਾਇਤੀ ਰਾਜ ਐਕਟ, ਗ੍ਰਾਮ ਸਭਾ ਦੀ ਭੂਮਿਕਾ, ਵਿਕਾਸ ਕਾਰਜਾਂ ਦੀ ਯੋਜਨਾ ਬਣਾਉਣ ਦੀ ਪ੍ਰਕਿਰਿਆ, ਵਿੱਤੀ ਪ੍ਰਬੰਧਨ, ਸਰਕਾਰੀ ਫੰਡਾਂ ਦੀ ਸਹੀ ਵਰਤੋਂ ਅਤੇ ਰਿਕਾਰਡ ਸੰਭਾਲਣ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ | ਇਸ ਤੋਂ ਇਲਾਵਾ ਸਫ਼ਾਈ, ਪੀਣ ਵਾਲੇ ਪਾਣੀ ਦੀ ਉਪਲਬਧਤਾ, ਗਲੀਆਂ-ਨਾਲੀਆਂ, ਸਟਰੀਟ ਲਾਈਟਾਂ, ਠੋਸ ਕੂੜਾ ਪ੍ਰਬੰਧਨ, ਸਿਹਤ ਤੇ ਸਿੱਖਿਆ ਨਾਲ ਜੁੜੇ ਮਸਲਿਆਂ ਬਾਰੇ ਵੀ ਵੱਢਮੁੱਲੀ ਜਾਣਕਾਰੀ ਦਿੱਤੀ ਗਈ | ਟ੍ਰੇਨਿੰਗ 'ਚ ਹਿੱਸਾ ਲੈਣ ਵਾਲੇ ਸਮੂਹ ਸਰਪੰਚਾਂ, ਪੰਚਾ ਨੇ ਇਸ ਟ੍ਰੇਨਿੰਗ ਪ੍ਰੋਗਰਾਮ ਨੂੰ ਬਹੁਤ ਹੀ ਲਾਹੇਵੰਦ ਦੱਸਿਆ ਤੇ ਭਵਿੱਖ ਵਿਚ ਵੀ ਇਸ ਤਰ੍ਹਾਂ ਦੇ ਟ੍ਰੇਨਿੰਗ ਪ੍ਰੋਗਰਾਮ ਜਾਰੀ ਰੱਖਣ ਦੀ ਪੁਰਜ਼ੋਰ ਅਪੀਲ ਕੀਤੀ | ਇਸ ਮੌਕੇ ਬਲਾਕ ਸੰਮਤੀ ਮੈਂਬਰ ਸਿਮਰ ਕੁਮਾਰ ਦਰਵੇਸ਼ ਪਿੰਡ, ਸਰਪੰਚ ਸੁਨੀਤਾ ਦੁੱਗ, ਜਸਵੀਰ ਕੌਰ ਗੁਜਰਾਤਾਂ, ਅਮਰਜੀਤ ਸਿੰਘ ਸਰਪੰਚ ਦਰਵੇਸ਼ ਪਿੰਡ, ਆਂਗਨਬਾੜੀ ਵਰਕਰ ਪਰਮਜੀਤ ਕੌਰ, ਅਲਕਾ ਰਾਣੀ, ਪਰਮਜੀਤ ਕੌਰ, ਰਵਿੰਦਰ ਕੌਰ, ਸੰਤੋਸ਼ ਕੁਮਾਰੀ, ਆਸ਼ਾ ਵਰਕਰ ਪਰਮਜੀਤ ਕੌਰ, ਰਣਜੀਤਾ ਢੱਡੇ, ਸੁਖਨੰਦਨ ਕੌਰ ਗੁਲਾਬਗੜ੍ਹ, ਪੰਚ ਹਰਵਿੰਦਰ ਕੌਰ, ਅਮਰਿੰਦਰ ਸਿੰਘ, ਕਸ਼ਮੀਰ ਸਿੰਘ, ਬੀਰਬਲ, ਸਰਬਜੀਤ ਕੌਰ, ਮਨਿੰਦਰ ਕੌਰ, ਗੁਰਮੀਤ ਕੌਰ, ਕੁਲਵੰਤ ਸਿੰਘ ਢੱਡੇ, ਸਕੂਲ ਇੰਚਾਰਜ ਰਵਿੰਦਰ ਸਿੰਘ ਖੇੜਾ ਆਦਿ ਹਾਜ਼ਰ ਸਨ |