ਕਪੂਰਥਲਾ, 10 ਮਾਰਚ (ਵਿ.ਪ੍ਰ.)-ਪੰਜਾਬ ਨੰਬਰਦਾਰ ਐਸੋਸੀਏਸ਼ਨ ਜ਼ਿਲ੍ਹਾ ਕਪੂਰਥਲਾ ਦੇ ਇਕ ਵਫ਼ਦ ਨੇ ਜ਼ਿਲ੍ਹਾ ਪ੍ਰਧਾਨ ਜਰਨੈਲ ਸਿੰਘ ਬਾਜਵਾ ਦੀ ਅਗਵਾਈ 'ਚ ਡਿਪਟੀ ਕਮਿਸ਼ਨਰ ਕਪੂਰਥਲਾ ਦੇ ਨਾਂਅ ਵਧੀਕ ਡਿਪਟੀ ਕਮਿਸ਼ਨਰ ਨਵਨੀਤ ਕੌਰ ਬੱਲ ਨੂੰ ਇਕ ਮੰਗ ਪੱਤਰ ਦਿੱਤਾ | ਜਿਸ 'ਚ ਮੰਗ ਕੀਤੀ ਗਈ ਕਿ ਤਹਿਸੀਲ ਕਪੂਰਥਲਾ ਤੇ ਸਬ ਤਹਿਸੀਲ ਢਿਲਵਾਂ ਦੇ ਨੰਬਰਦਾਰਾਂ ਦੇ ਮਾਣ ਭੱਤੇ ਦੀ ਪਿਛਲੇ 10 ਮਹੀਨਿਆਂ ਦੇ ਬਕਾਏ ਦੀ ਰਕਮ ਉਨ੍ਹਾਂ ਦੇ ਬੈਂਕ ਖਾਤਿਆਂ 'ਚ ਪਾਈ ਜਾਵੇ, ਨੰਬਰਦਾਰਾਂ ਨੂੰ ਪ੍ਰਤੀ ਮਹੀਨਾ ਮਾਣ ਭੱਤਾ 5 ਹਜ਼ਾਰ ਰੁਪਏ ਦਿੱਤਾ ਜਾਵੇ | ਵਫ਼ਦ ਨੇ ਸ਼ਿਕਾਇਤ ਨਿਵਾਰਨ ਕਮੇਟੀਆਂ ਵਿਚ ਨੰਬਰਦਾਰਾਂ ਨੂੰ ਨੁਮਾਇੰਦਗੀ ਦੇਣ, ਸਦਰ ਕਾਨੂੰਗੋ ਦਫ਼ਤਰ 'ਚ ਬਿੱਲ ਕਲਰਕ ਦੀ ਪੱਕੀ ਨਿਯੁਕਤੀ, ਤਹਿਸੀਲ ਤੇ ਕਚਹਿਰੀ ਵਿਚ ਨੰਬਰਦਾਰਾਂ ਦੇ ਬੈਠਣ ਲਈ ਕਮਰਾ ਅਲਾਟ ਕਰਨ, ਨੰਬਰਦਾਰਾਂ ਦਾ ਟੋਲ ਪਲਾਜ਼ਾ ਤੇ ਬੱਸ ਕਿਰਾਏ ਤੋਂ ਛੋਟ ਦੇਣ ਦੀ ਮੰਗ ਕੀਤੀ ਗਈ | ਮੰਗ-ਪੱਤਰ ਦੇਣ ਮੌਕੇ ਜਰਨੈਲ ਸਿੰਘ ਬਾਜਵਾ, ਸੁਰਿੰਦਰ ਸਿੰਘ ਖਾਲ਼ੂ, ਬਸੰਤ ਸਿੰਘ ਕੋਲੀਆਂਵਾਲ, ਕੇਵਲ ਸਿੰਘ ਦੇਵਲਾਂਵਾਲ, ਹਰਭਜਨ ਸਿੰਘ ਫੂਲੇਵਾਲ, ਬਲਵੀਰ ਸਿੰਘ ਠੀਕਰੀਵਾਲ, ਗੁਰਮੀਤ ਸਿੰਘ ਹਮੀਰਾ, ਤੇਜਪਾਲ ਸਿੰਘ ਵਡਾਲਾ, ਦਿਲਬਾਗ ਸਿੰਘ ਸ਼ਾਹਪੁਰ, ਸੁੱਚਾ ਸਿੰਘ ਬੀਬੜੀ, ਸੁਖਵਿੰਦਰ ਸਿੰਘ, ਬਲਵਿੰਦਰ ਸਿੰਘ, ਕੰਵਲਜੀਤ ਸਿੰਘ ਖੈੜਾ ਦੋਨਾ, ਊਧਮ ਸਿੰਘ ਔਜਲਾ, ਹਰਭਜਨ ਸਿੰਘ ਕਾਂਜਲੀ ਆਦਿ ਹਾਜ਼ਰ ਸਨ |