ਕਪੂਰਥਲਾ, 10 ਮਾਰਚ (ਵਿ. ਪ੍ਰ.)-ਮਾਨਵ ਵਿਕਾਸ ਸੰਸਥਾਨ ਵਲੋਂ ਆਈ. ਟੀ. ਸੀ. ਮਿਸ਼ਨ ਸੁਨਹਿਰਾ ਕੱਲ੍ਹ ਤਹਿਤ ਕਾਂਜਲੀ ਵੈੱਟਲੈਂਡ ਵਿਖੇ ਅੰਤਰਰਾਸ਼ਟਰੀ ਮਹਿਲਾ ਦਿਵਸ ਸੰਬੰਧੀ ਇਕ ਸਮਾਗਮ ਕਰਵਾਇਆ, ਜਿਸ ਵਿਚ ਜ਼ਿਲ੍ਹਾ ਪ੍ਰੀਸ਼ਦ ਦੀ ਉਪ ਕਾਰਜਕਾਰੀ ਅਫ਼ਸਰ ਕੁਸਮ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ | ਉਨ੍ਹਾਂ ਕਮਿਊਨਿਟੀ ਵਿਕਾਸ ਵਿਚ ਔਰਤਾਂ ਦੀ ਭਾਗੀਦਾਰੀ ਨੂੰ ਮਜ਼ਬੂਤ ਕਰਨ ਲਈ ਆਈ. ਟੀ. ਸੀ. ਵਲੋਂ ਕੀਤੇ ਜਾ ਰਹੇ ਕਾਰਜਾਂ ਦੀ ਸ਼ਲਾਘਾ ਕੀਤੀ | ਸਮਾਗਮ ਨੂੰ ਸੰਬੋਧਨ ਕਰਦਿਆਂ ਵੈਟਰਨਰੀ ਵਿਭਾਗ ਤੋਂ ਡਾ. ਮਹਾਂਬੀਰ ਸਿੰਘ, ਕਾਂਜਲੀ ਵੈੱਟਲੈਂਡ ਦੇ ਇੰਚਾਰਜ ਭੁਪਿੰਦਰ ਸਿੰਘ, ਆਰ. ਈ. ਐਸ. ਟੀ. ਆਈ. ਤੋਂ ਰਣਜੀਤ ਕੌਰ, ਪੀ. ਐਨ. ਬੀ. ਤੋਂ ਮੈਨੇਜਰ ਗੁਰਪ੍ਰੀਤ ਸਿੰਘ, ਐਨ. ਆਰ. ਐਲ. ਐਮ. ਵਿਭਾਗ ਤੋਂ ਕਰਨਵੀਰ ਪਾਲ ਸ਼ਾਮਿਲ ਹੋਏ | ਬੁਲਾਰਿਆਂ ਨੇ ਮਹਿਲਾ ਸ਼ਸ਼ਕਤੀਕਰਨ, ਸਰਕਾਰੀ ਯੋਜਨਾਵਾਂ ਦੇ ਮਹੱਤਵ ਬਾਰੇ ਵਿਸਥਾਰ ਪੂਰਵਕ ਚਾਨਣਾ ਪਾਇਆ, ਜੋ ਪੇਂਡੂ ਔਰਤਾਂ ਨੂੰ ਆਤਮ ਨਿਰਭਰ ਬਣਾਉਣ ਵਿਚ ਸਹਾਇਤਾ ਕਰਦੀਆਂ ਹਨ | ਸਮਾਗਮ 'ਚ ਆਈ. ਟੀ. ਮਿਸ਼ਨ ਸੁਨਹਿਰਾ ਕੱਲ੍ਹ ਸਫ਼ਲਤਾ ਪੂਰਵਕ ਟਰੇਨਿੰਗ ਪੂਰੀ ਕਰਨ ਵਾਲੀਆਂ ਔਰਤਾਂ ਨੂੰ ਪਸ਼ੂ ਸਖੀ ਕਿੱਟਾਂ ਵੀ ਤਕਸੀਮ ਕੀਤੀਆਂ ਗਈਆਂ | ਇਸ ਮੌਕੇ ਸਮਾਜਿਕ ਤੇ ਆਰਥਿਕ ਵਿਕਾਸ 'ਚ ਸਰਗਰਮ ਭੂਮਿਕਾ ਨਿਭਾਉਣ ਲਈ ਔਰਤਾਂ ਨੂੰ ਸਨਮਾਨਿਤ ਵੀ ਕੀਤਾ | ਸਮਾਗਮ 'ਚ ਮਾਨਵ ਵਿਕਾਸ ਸੰਸਥਾਨ ਵਲੋਂ ਪ੍ਰੋਜੈਕਟ ਇੰਚਾਰਜ ਮਨੀਸ਼ ਤੇ ਉਨ੍ਹਾਂ ਦੀ ਟੀਮ ਦੇ ਮੈਂਬਰ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ |