ਕਪੂਰਥਲਾ, 10 ਮਾਰਚ (ਵਿਸ਼ੇਸ਼ ਪ੍ਰਤੀਨਿਧ)-ਮੁਸਲਿਮ ਭਾਈਚਾਰੇ ਵਲੋਂ ਪਵਿੱਤਰ ਰਮਜ਼ਾਨ ਦੇ ਮਹੀਨੇ 'ਚ ਇਤਿਹਾਸਕ ਮੋਰਿਸ਼ ਮਸਜਿਦ ਨਜ਼ਦੀਕ ਰੇਲਵੇ ਸਟੇਸ਼ਨ ਕਪੂਰਥਲਾ 'ਚ 12 ਮਾਰਚ ਨੂੰ ਇਫਤਾਰ ਪਾਰਟੀ ਕਰਵਾਈ ਜਾ ਰਹੀ ਹੈ | ਇਸ ਸੰਬੰਧੀ ਪ੍ਰਬੰਧਕ ਯਾਕੂਬ ਅਲੀ ਨੇ ਦੱਸਿਆ ਕਿ ਮੋਰਿਸ਼ ਮਸਜਿਦ ਦੇ ਇਮਾਮ ਸ਼ੌਕਤ ਅਲੀ ਤੇ ਹੋਰ ਮੁਸਲਿਮ ਭਾਈਚਾਰੇ ਦੇ ਸਹਿਯੋਗ ਨਾਲ ਰੋਜ਼ੇ ਖੁਲ੍ਹਵਾਏ ਜਾ ਰਹੇ ਹਨ ਤੇ ਇਸ ਮੌਕੇ ਮੋਰਿਸ਼ ਮਸਜਿਦ ਨੂੰ ਬਣਾਉਣ ਵਾਲੇ ਮਹਾਰਾਜਾ ਜਗਤਜੀਤ ਸਿੰਘ ਦੇ ਸਪੁੱਤਰ ਮਹਾਰਾਜਾ ਕਪੂਰਥਲਾ ਬਿ੍ਗੇਡੀਅਰ ਸੁਖਜੀਤ ਸਿੰਘ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕਰਨਗੇ | ਉਨ੍ਹਾਂ ਕਿਹਾ ਕਿ ਇਫ਼ਤਾਰ ਪਾਰਟੀ 'ਚ ਸ਼ਹਿਰ ਦੀਆਂ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਵੀ ਹਾਜ਼ਰ ਹੋਣਗੀਆਂ | ਉਨ੍ਹਾਂ ਮੁਸਲਿਮ ਭਾਈਚਾਰੇ ਦੇ ਲੋਕਾਂ ਨੂੰ ਵੱਧ ਤੋਂ ਵੱਧ ਇਫ਼ਤਾਰ ਪਾਰਟੀ 'ਚ ਪੁੱਜਣ ਦੀ ਅਪੀਲ ਕੀਤੀ | ਇਸ ਮੌਕੇ ਮੋਰਿਸ਼ ਮਸਜਿਦ ਦੇ ਇਮਾਮ ਸ਼ੌਕਤ ਅਲੀ, ਦਲਬੀਰ ਲੰਬੜ, ਹਾਜੀ ਸਵਾਰਦੀਨ, ਏ. ਐਸ. ਆਈ. ਮੁਹੰਮਦ ਸ਼ਕੀਲ, ਇਸਰਾਰ ਅਹਿਮਦ, ਡਾ. ਰਿਹਾਨ ਤੇ ਹੋਰ ਹਾਜ਼ਰ ਸਨ |