ਫਗਵਾੜਾ, 11 ਮਾਰਚ (ਹਰਜੋਤ ਸਿੰਘ ਚਾਨਾ)- ਕੇਂਦਰ ਸਰਕਾਰ ਵਲੋਂ ਗੈਸ ਦੀ ਬੁਕਿੰਗ 25 ਦਿਨਾਂ ਬਾਅਦ ਕਰਨ ਦੇ ਐਲਾਨ ਤੋਂ ਬਾਅਦ ਲੋਕਾਂ 'ਚ ਹਾਹਾਕਾਰ ਮੱਚ ਗਈ ਹੈ ਤੇ ਲੋਕ ਆਪਣੇ ਜ਼ਰੂਰੀ ਕੰਮ ਛੱਡ ਕੇ ਹੁਣ ਰਸੋਈ ਦੀ ਅੱਗ ਦਾ ਪ੍ਰਬੰਧ ਕਰਨ 'ਚ ਜੁੱਟ ਗਏ ਹਨ ਜਿਸ 'ਚ ਹੋਟਲਾਂ ਦੇ ਮਾਲਕ ਵੀ ਸ਼ਾਮਿਲ ਹਨ | ਇਸ ਐਲਾਨ ਤੋਂ ਘਬਰਾਏ ਲੋਕ ਜਦੋਂ ਨੰਬਰ ਬੁੱਕ ਕਰਵਾਉਂਦੇ ਹਨ ਤਾਂ ਬੁਕਿੰਗ ਨਾ ਹੋਣ ਤੋਂ ਲੋਕ ਹੋਰ ਵੀ ਘਬਰਾ ਗਏ ਹਨ ਜਿਸ ਕਾਰਨ ਲੋਕ ਹੁਣ ਇੰਡੱਕਸ਼ਨ ਤੇ ਗਰੀਬ ਲੋਕ ਮਿੱਟੀ ਦੇ ਤੇਲ ਦਾ ਪ੍ਰਬੰਧ ਤੇ ਹੋਟਲ ਮਾਲਕ ਹੁਣ ਡੀਜ਼ਲ ਭੱਠੀਆਂ ਖਰੀਦਣ ਲੱਗ ਪਏ ਹਨ ਜਿਸ ਕਾਰਨ ਡੀਜ਼ਲ ਭੱਠੀਆਂ ਦੀ ਫ਼ੈਕਟਰੀ ਵਾਲਿਆਂ ਦੇ ਕੰਮ 'ਚ ਤੇਜ਼ੀ ਆ ਗਈ ਹੈ | ਹੋਟਲ ਮਾਲਕਾ ਦਾ ਕਹਿਣਾ ਹੈ ਕਿ ਵਪਾਰਕ ਸਲੰਡਰ ਮਿੱਥੀ ਕੀਮਤ ਤੋਂ 400 ਰੁਪਏ ਮਿਲਣਾ ਸ਼ੁਰੂ ਹੋ ਗਿਆ ਹੈ ਜਿਸ ਕਾਰਨ ਮਹਿੰਗਾਈ ਹੋਰ ਵੱਧ ਗਈ ਹੈ | ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਰਣਜੀਤ ਸਿੰਘ ਖੁਰਾਨਾ ਨੇ ਕਿਹਾ ਕਿ ਕੇਂਦਰ ਸਰਕਾਰ ਇਸ ਮੁੱਦੇ ਤੇ ਬੁਰੀ ਤਰ੍ਹਾਂ ਫ਼ੇਲ੍ਹ ਹੋਈ ਹੈ | ਦੂਸਰੇ ਪਾਸੇ ਗੈਸ ਏਜੰਸੀਆਂ ਦਾ ਸਪਸ਼ਟ ਕਹਿਣਾ ਹੈ ਕਿ ਪਿੱਛੇ ਤੋਂ ਸਾਨੂੰ ਵਪਾਰਕ ਸਲੰਡਰਾਂ ਦੀ ਸਪਲਾਈ ਨਹੀਂ ਆ ਰਹੀ ਜਿਸ ਕਾਰਨ ਬਹੁਤ ਮੁਸ਼ਕਿਲ ਹੈ ਜਿਸ ਨੇ ਹੋਟਲ ਇੰਡਸਟਰੀ ਨਾਲ ਸਬੰਧਿਤ ਲੋਕਾਂ ਦੀ ਚਿੰਤਾ ਵਧਾ ਦਿੱਤੀ ਹੈ |