ਕਪੂਰਥਲਾ, 11 ਮਾਰਚ (ਅਮਰਜੀਤ ਕੋਮਲ)-ਜ਼ਿਲ੍ਹੇ ਦੇ ਸਾਰੇ ਗੈਸ ਏਜੰਸੀ ਤੇ ਪੈਟਰੋਲ ਪੰਪ ਮਾਲਕ ਗੈਸ/ਤੇਲ ਦੀ ਜਮਾਂ ਖੋਰੀ ਜਾਂ ਕਾਲਾ ਬਾਜ਼ਾਰੀ ਨਾ ਕਰਨ ਅਤੇ ਖਪਤਕਾਰਾਂ ਨੂੰ ਸਮੇਂ ਸਿਰ ਗੈਸ ਤੇ ਤੇਲ ਦੀ ਸਪਲਾਈ ਸਰਕਾਰ ਵਲੋਂ ਨਿਰਧਾਰਿਤ ਰੇਟਾਂ 'ਤੇ ਕਰਨੀ ਯਕੀਨੀ ਬਣਾਈ ਜਾਵੇ | ਇਹ ਗੱਲ ਅਮਿੱਤ ਕੁਮਾਰ ਪੰਚਾਲ ਡਿਪਟੀ ਕਮਿਸ਼ਨਰ ਕਪੂਰਥਲਾ ਨੇ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਚ ਆਇਲ ਕੰਪਨੀਆਂ ਦੇ ਅਧਿਕਾਰੀਆਂ ਤੇ ਜ਼ਿਲ੍ਹਾ ਕਪੂਰਥਲਾ ਦੇ ਪੈਟਰੋਲ ਪੰਪ ਤੇ ਗੈਸ ਏਜੰਸੀ ਦੇ ਮਾਲਕਾਂ ਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਦੀ ਇਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਹੀ | ਉਨ੍ਹਾਂ ਪੈਟਰੋਲ ਪੰਪ ਤੇ ਗੈਸ ਏਜੰਸੀ ਦੇ ਮਾਲਕਾਂ ਨੂੰ ਹਦਾਇਤ ਕੀਤੀ ਕਿ ਉਨ੍ਹਾਂ ਦਾ ਕੋਈ ਵੀ ਕਰਮਚਾਰੀ ਖਪਤਕਾਰਾਂ ਤੋਂ ਸਪਲਾਈ ਦੀ ਘਾਟ ਦੇ ਬਹਾਨੇ ਵਾਧੂ ਪੈਸੇ ਵਸੂਲ ਨਾ ਕਰੇ | ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜੇਕਰ ਕੋਈ ਪੈਟਰੋਲ ਪੰਪ ਜਾਂ ਗੈਸ ਏਜੰਸੀ ਦਾ ਮਾਲਕ ਅਜਿਹਾ ਕਰਦਾ ਪਾਇਆ ਗਿਆ ਤਾਂ ਉਸ ਵਿਰੁੱਧ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ | ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਖ਼ੁਰਾਕ ਤੇ ਸਪਲਾਈ ਕੰਟਰੋਲ ਨੂੰ ਕਿਹਾ ਕਿ ਉਹ ਇਹ ਯਕੀਨੀ ਬਣਾਉਣ ਕਿ ਕੋਈ ਵੀ ਸ਼ਰਾਰਤੀ ਅਨਸਰ ਐਲ.ਪੀ.ਜੀ., ਪੈਟਰੋਲ ਜਾਂ ਡੀਜ਼ਲ ਦੀ ਚੋਰੀ ਜਾਂ ਕਾਲਾ ਬਾਜ਼ਾਰੀ ਨਾ ਕਰੇ | ਉਨ੍ਹਾਂ ਕਿਹਾ ਕਿ ਜੇਕਰ ਕੋਈ ਕਾਲਾ ਬਾਜ਼ਾਰੀ ਕਰਦਾ ਪਾਇਆ ਗਿਆ ਤਾਂ ਉਸ ਵਿਰੁੱਧ ਤੁਰੰਤ ਬਣਦੀ ਕਾਰਵਾਈ ਕਰਦੇ ਹੋਏ ਉਨ੍ਹਾਂ ਨੂੰ ਸੂਚਿਤ ਕੀਤਾ ਜਾਵੇ | ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੀ ਹਦੂਦ ਵਿਚ ਕਿਸੇ ਵੀ ਪੈਟਰੋਲ ਪੰਪ 'ਤੇ ਪੈਟਰੋਲ ਤੇ ਡੀਜ਼ਲ ਦੀ ਕਿਸੇ ਵੀ ਤਰ੍ਹਾਂ ਦੀ ਕੋਈ ਕਿੱਲਤ ਨਹੀਂ ਤੇ ਨਾ ਹੀ ਗੈਸ ਏਜੰਸੀਆਂ ਕੋਲ ਘਰੇਲੂ ਗੈਸ ਦੀ ਘਾਟ ਹੈ | ਅਮਿੱਤ ਕੁਮਾਰ ਪੰਚਾਲ ਨੇ ਕਿਹਾ ਕਿ ਪੈਟਰੋਲ/ਡੀਜ਼ਲ ਜਾਂ ਗੈਸ ਦੀ ਸਪਲਾਈ ਦੀ ਲੋਕ ਚਿੰਤਾ ਨਾ ਕਰਨ ਤੇ ਉਹ ਪਹਿਲਾਂ ਵਾਂਗ ਹੀ ਆਪਣੀ ਲੋੜ ਅਨੁਸਾਰ ਤੇਲ ਤੇ ਗੈਸ ਪ੍ਰਾਪਤ ਕਰਨ | ਉਨ੍ਹਾਂ ਖਪਤਕਾਰਾਂ ਨੂੰ ਕਿਹਾ ਕਿ ਜੇਕਰ ਕੋਈ ਪੈਟਰੋਲ ਡੀਜ਼ਲ ਅਤੇ ਗੈਸ ਦੀ ਸਪਲਾਈ ਲਈ ਉਨ੍ਹਾਂ ਕੋਲੋਂ ਕੋਈ ਵਾਧੂ ਪੈਸੇ ਵਸੂਲ ਕਰਦਾ ਹੈ ਤਾਂ ਇਸ ਸਬੰਧੀ ਜ਼ਿਲ੍ਹਾ ਪ੍ਰਸ਼ਾਸਨ ਨੂੰ ਸੂਚਿਤ ਕੀਤਾ ਜਾਵੇ |