ਕਪੂਰਥਲਾ, 11 ਮਾਰਚ (ਅਮਨਜੋਤ ਸਿੰਘ ਵਾਲੀਆ)-ਮੁਹੱਲਾ ਲਾਹੌਰੀ ਗੇਟ ਵਿਖੇ ਇਕ ਨੌਜਵਾਨ ਨੇ ਮਹਿਲਾ ਵਲੋਂ ਤੰਗ ਪ੍ਰੇਸ਼ਾਨ ਕੀਤੇ ਜਾਣ ਕਾਰਨ ਘਰ ਵਿਚ ਪੱਖੇ ਨਾਲ ਫਾਹਾ ਲੈ ਕੇ ਆਤਮ ਹੱਤਿਆ ਕਰ ਲਈ | ਜਿਸਦੀ ਲਾਸ਼ ਨੂੰ ਪਰਿਵਾਰਕ ਮੈਂਬਰਾਂ ਨੇ ਪੁਲਿਸ ਦੀ ਸਹਾਇਤਾ ਨਾਲ ਸਿਵਲ ਹਸਪਤਾਲ ਕਪੂਰਥਲਾ ਦੇ ਮੁਰਦਾ ਘਰ ਵਿਚ ਰਖਵਾ ਦਿੱਤੀ ਹੈ | ਆਤਮਹੱਤਿਆ ਕਰਨ ਤੋਂ ਪਹਿਲਾਂ ਉਸ ਨੇ ਇਕ ਵੀਡੀਓ ਬਣਾਈ ਜਿਸ ਵਿਚ ਉਸਨੇ ਦੱਸਿਆ ਕਿ ਇਕ ਮਹਿਲਾ ਉਸਨੂੰ ਕਥਿਤ ਤੌਰ 'ਤੇ ਤੰਗ ਪ੍ਰੇਸ਼ਾਨ ਕਰਦੀ ਹੈ ਤੇ ਉਸ 'ਤੇ ਪਰਚਾ ਕਰਵਾਉਣ ਦੀ ਧਮਕੀ ਦੇ ਰਹੀ ਹੈ, ਜਿਸ ਤੋਂ ਤੰਗ ਆ ਕੇ ਉਹ ਆਤਮਹੱਤਿਆ ਕਰ ਰਿਹਾ ਹੈ | ਥਾਣਾ ਸਿਟੀ ਦੇ ਏ.ਐਸ.ਆਈ. ਹਰਜੀਤ ਸਿੰਘ ਨੇ ਦੱਸਿਆ ਕਿ ਮਿ੍ਤਕ ਸੂਰਜ ਨਾਹਰ ਪੁੱਤਰ ਨਛੱਤਰ ਨਾਹਰ ਵਾਸੀ ਪਟਵਾਰੀਆਂ ਵਾਲੀ ਗਲੀ ਲਾਹੌਰੀ ਗੇਟ ਦੀ ਮਾਤਾ ਪੂਨਮ ਨੇ ਦਰਜ ਕਰਵਾਈ ਸ਼ਿਕਾਇਤ ਵਿਚ ਦੱਸਿਆ ਕਿ ਇਕ ਲੜਕੀ ਰੀਤੂ ਬਾਲਾ ਵਾਸੀ ਬ੍ਰਹਮਕੁੰਡ ਕਾਲੋਨੀ ਜੋ ਕਿ ਮੇਰੇ ਲੜਕੇ ਨਾਲ ਲਗਭਗ ਢੇਡ ਸਾਲਾਂ ਤੋਂ ਦੋਸਤੀ ਕੀਤੀ ਹੋਈ ਸੀ ਤੇ ਬਾਅਦ ਵਿਚ ਮੇਰੇ ਲੜਕੇ ਨੂੰ ਪਤਾ ਲੱਗਾ ਕਿ ਉਹ ਵਿਆਹੀ ਹੋਈ ਹੈ ਤੇ ਉਸਦਾ ਆਪਣੇ ਪਤੀ ਨਾਲ ਤਲਾਕ ਵੀ ਨਹੀਂ ਹੋਇਆ ਜਿਸ ਬਾਰੇ ਉਸ ਨੇ ਮੈਨੂੰ ਦੱਸਿਆ | ਬਾਅਦ ਵਿਚ ਕਥਿਤ ਤੌਰ 'ਤੇ ਉਕਤ ਮਹਿਲਾ ਉਸ ਕੋਲੋਂ 2 ਲੱਖ ਰੁਪਏ ਦੀ ਮੰਗ ਕਰਨ ਲੱਗੀ ਤੇ ਪੈਸੇ ਨਾ ਦੇਣ ਦੀ ਸੂਰਤ ਵਿਚ ਉਸ 'ਤੇ ਜਬਰ ਜਨਾਹ ਦਾ ਪਰਚਾ ਕਰਵਾਉਣ ਦੀ ਵੀ ਧਮਕੀਆਂ ਦੇ ਰਹੀ ਸੀ | ਜਿਸ ਤੋਂ ਤੰਗ ਆ ਕੇ ਮੇਰੇ ਲੜਕੇ ਨੇ ਦੇਰ ਰਾਤ ਘਰ ਵਿਚ ਪੱਖੇ ਨਾਲ ਚਾਦਰ ਬੰਨ੍ਹ ਕੇ ਆਤਮਹੱਤਿਆ ਕਰ ਲਈ ਹੈ | ਮੇਰੇ ਲੜਕੇ ਨੂੰ ਮਰਨ ਲਈ ਮਜਬੂਰ ਕਰਨ ਵਾਲੇ ਕਥਿਤ ਦੋਸ਼ੀਆਂ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇ | ਜਿਸ 'ਤੇ ਥਾਣਾ ਸਿਟੀ ਪੁਲਿਸ ਨੇ ਰੀਤੂ ਬਾਲਾ ਵਾਸੀ ਬ੍ਰਹਮਕੁੰਡ ਕਲੋਨੀ ਵਿਰੁੱਧ ਕੇਸ ਦਰਜ ਕਰ ਲਿਆ ਹੈ ਤੇ ਮਹਿਲਾ ਦੀ ਗਿ੍ਫ਼ਤਾਰੀ ਲਈ ਵੱਖ-ਵੱਖ ਥਾਵਾਂ 'ਤੇ ਛਾਪੇਮਾਰੀ ਕੀਤੀ ਜਾ ਰਹੀ ਹੈ | ਏ.ਐਸ.ਆਈ. ਨੇ ਦੱਸਿਆ ਕਿ ਔਰਤ ਵਲੋਂ ਲੜਕੇ ਖਿਲਾਫ ਪਹਿਲਾਂ ਡੀ.ਐਸ.ਪੀ. ਨੂੰ ਦਰਖਾਸਤਾਂ ਵੀ ਦਿੱਤੀਆਂ ਗਈਆਂ ਸਨ |