ਭੁਲੱਥ, 11 ਮਾਰਚ (ਮੇਹਰ ਚੰਦ ਸਿੱਧੂ)-ਸਬ ਡਵੀਜ਼ਨ ਕਸਬਾ ਭੁਲੱਥ ਵਿਖੇ ਨਗਰ ਪੰਚਾਇਤ ਦੇ ਅਧਿਕਾਰੀਆਂ ਵੱਲੋਂ ਕਾਰਜ ਸਾਧਕ ਅਫ਼ਸਰ ਰਣਦੀਪ ਸਿੰਘ ਵੜੈਚ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜੂਨੀਅਰ ਸਹਾਇਕ ਚੰਦਰ ਸ਼ੇਖਰ ਦੀ ਅਗਵਾਈ ਵਿਚ ਬਾਜ਼ਾਰਾਂ ਅੰਦਰ ਦੁਕਾਨਦਾਰਾਂ ਵੱਲੋਂ ਦੁਕਾਨਾਂ ਤੋਂ ਅਗਾਂਹ ਵਧਾ ਕੇ ਰੱਖਿਆ ਸਮਾਨ ਹਟਾਇਆ ਗਿਆ ਤੇ ਦੁਕਾਨਾਂ ਦੇ ਅੱਗੇ ਲੱਗੇ ਸਾਈਨ ਬੋਰਡ ਕਰਮਚਾਰੀਆਂ ਵੱਲੋਂ ਜ਼ਬਤ ਕਰਕੇ ਆਪਣੇ ਕਬਜ਼ੇ ਵਿਚ ਲਏ ਗਏ | ਇਸ ਮੌਕੇ ਅਧਿਕਾਰੀਆਂ ਵੱਲੋਂ ਦੁਕਾਨਦਾਰਾਂ ਨੂੰ ਤਾੜਨਾ ਕੀਤੀ ਗਈ ਕਿ ਉਹ ਦੁਕਾਨਾਂ ਦੇ ਬਾਹਰ ਅਗਾਂਹ ਵਧਾ ਕੇ ਸਮਾਨ ਨਾ ਰੱਖਣ ਕਿਉਂਕਿ ਦੁਕਾਨਾਂ ਤੋਂ ਅਗਾਂਹ ਵਧਾ ਕੇ ਰੱਖੇ ਸਮਾਨ ਕਰਕੇ ਬਾਜ਼ਾਰਾਂ ਅੰਦਰ ਟਰੈਫ਼ਿਕ ਸਮੱਸਿਆਵਾਂ ਪੈਦਾ ਹੁੰਦੀਆਂ ਹਨ | ਉਨ੍ਹਾਂ ਕਿਹਾ ਕਿ ਜੇਕਰ ਕੋਈ ਵੀ ਦੁਕਾਨਦਾਰ ਹੁਕਮਾਂ ਦੀ ਉਲੰਘਣਾ ਕਰਦਾ ਪਾਇਆ ਗਿਆ ਤਾਂ ਉਸ ਖ਼ਿਲਾਫ਼ ਬਣਦੀ ਕਾਰਵਾਈ ਅਮਲ ਵਿਚ ਲਿਆ ਕੇ ਜੁਰਮਾਨਾ ਵੀ ਕੀਤਾ ਜਾਵੇਗਾ | ਇਸ ਮੌਕੇ ਡੈਨੀਅਲ ਕਲਿਆਣ, ਇੰਸਪੈਕਟਰ ਭੁਪਿੰਦਰ ਸਿੰਘ, ਸੂਬਾ ਸਿੰਘ, ਪ੍ਰਕਾਸ਼ ਸਿੰਘ, ਸੈਨਟਰੀ ਇੰਸਪੈਕਟਰ ਭੁਪਿੰਦਰ ਸਿੰਘ, ਤਰਮਿੰਦਰਜੀਤ ਸਿੰਘ, ਆਈ.ਈ.ਸੀ. ਆਂਚਲ, ਅਸ਼ੋਕ ਕੁਮਾਰ, ਰਜੇਸ਼ ਕੁਮਾਰ ਤੇ ਹੋਰ ਕਰਮਚਾਰੀ ਹਾਜ਼ਰ ਸਨ |